ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਬਿਨਾਂ ਟੈਕਸ ਭਰੇ ਚਲ ਰਹੀਆਂ ‘ਔਰਬਿਟ ਕੰਪਨੀ’ ਦੀਆਂ ਬੱਸਾਂ ਕੀਤੀਆਂ ਬੰਦ

0
95

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਠਿੰਡਾ ਬੱਸ ਸਟੈਂਡ ਦਾ ਅਚਨਚੇਤ ਦੌਰਾ ਕੀਤਾ ਤੇ ਉੱਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨਾਂ ਨੇ ਬੱਸ ਸਟੈਂਡ ਵਿੱਚ ਸਾਫ-ਸਫਾਈ, ਪੀਣ ਲਈ ਪਾਣੀ ਵਾਲੇ ਆਰਓ ਸਿਸਟਮ, ਬੱਸ ਸਟੈਂਡ ਚ ਮੌਜੂਦ ਦੁਕਾਨਾਂ ਅਤੇ ਟੁਆਏਲਿਟ ਦੀ ਚੈਕਿੰਗ ਕੀਤੀ। ਉਨਾਂ ਨੇ ਜਨਰਲ ਮੈਨੇਜਰ ਸ੍ਰੀ ਰਮਨ ਸ਼ਰਮਾ ਨੂੰ ਆਦੇਸ਼ ਦਿੱਤੇ ਕਿ ਬੱਸ ਸਟੈਂਡ ਦੀ ਸਾਫ ਸਫਾਈ ਵੱਲ ਹੋਰ ਵਧੇਰੇ ਧਿਆਨ ਦਿੱਤਾ ਜਾਵੇ ਅਤੇ ਬੱਸ ਸਟੈਂਡ ਅੰਦਰ ਲੱਗੀਆਂ ਦੁਕਾਨਾ ਤੇ ਸਟਾਲਾਂ ਨੂੰ ਪਿੱਛੇ ਹਟਾਇਆ ਜਾਵੇ।

ਇਸ ਮੌਕੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਆਰਟੀਏ ਬਠਿੰਡਾ ਬਲਵਿੰਦਰ ਸਿੰਘ ਅਤੇ ਜਨਰਲ ਮੈਨੇਜਰ ਪੀਆਰਟੀਸੀ ਬਠਿੰਡਾ ਡਿਪੂ ਸ੍ਰੀ ਰਮਨ ਸ਼ਰਮਾਂ ਵੱਲੋਂ ਇੱਥੋਂ ਦੇ ਬੱਸ ਸਟੈਂਡ ਵਿਖੇ ਬੱਸਾਂ ਦੀ ਕੀਤੀ ਗਈ। ਚੈਕਿੰਗ ਦੌਰਾਨ ਬਿਨਾਂ ਟੈਕਸ ਭਰੇ ਗੈਰਕਾਨੂੰਨੀ ਤੌਰ ਤੇ ਚਲਾਈਆਂ ਜਾ ਰਹੀਆਂ ਤਿੰਨ ਬੱਸਾਂ ਜਿਨਾਂ ‘ਚੋਂ ਦੋ ਔਰਬਿਟ ਕੰਪਨੀ( ਇੱਕ ਮਰਸਡੀਜ਼ ਅਤੇ ਇੱਕ ਸਾਧਾਰਨ ਬੱਸ) ਅਤੇ ਇੱਕ ਮਾਲਵਾ ਟਰਾਂਸਪੋਰਟ ਕੰਪਨੀ ਦੀ ਬੱਸ ਸਾਮਲ ਹੈ। ਮੌਕੇ ਤੇ ਹੀ ਬੰਦ ਕਰ ਦਿੱਤੀਆਂ ਗਈਆਂ।

ਇਸ ਦੌਰੇ ਦੌਰਾਨ ਰਾਜਾ ਵੜਿੰਗ ਵੱਲੋਂ ਪੀਆਰਟੀਸੀ ਬਠਿੰਡਾ ਡਿਪੂ ਦੇ ਮੁਲਾਜਮਾਂ ਦੀਆਂ ਯੂਨੀਅਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨਾਂ ਨੂੰ ਯਕੀਨ ਦਵਾਇਆ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਨਵੀਂ ਭਰਤੀ ਰੈਗੂਲਰ ਤੌਰ ਤੇ ਹੀ ਕੀਤੀ ਜਾਵੇਗੀ। ਗੱਲਬਾਤ ਦੌਰਾਨ ਪੀਆਰਟੀਸੀ ਬਠਿੰਡਾ ਡਿਪੂ ਦੇ ਮੁਲਾਜ਼ਮਾਂ ਨੇ ਉਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਤਾਂ ਟਰਾਂਸਪੋਰਟ ਮੰਤਰੀ ਵੜਿੰਗ ਨੇ ਮੌਕੇ ਤੇ ਹੀ ਉੱਚ ਅਧਿਕਾਰੀਆਂ ਨੂੰ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨ ਦੇ ਆਦੇਸ਼ ਦਿੱਤੇ।

ਉਨ੍ਹਾਂ ਨੇ ਟਰਾਂਸਪੋਰਟਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਬਿਨਾਂ ਟੈਕਸ ਭਰੇ ਬੱਸਾਂ ਨਾ ਚਲਾਈਆਂ ਜਾਣ। ਇਸ ਮੌਕੇ ਆਰਟੀਏ ਬਠਿੰਡਾ ਲਵਿੰਦਰ ਸਿੰਘ, ਪੀਆਰਟੀਸੀ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਸ੍ਰੀ ਰਮਨ ਸ਼ਰਮਾ,ਪ੍ਰਾਈਵੇਟ ਬੱਸ ਟਰਾਂਸਪੋਰਟ ਵੱਲੋਂ ਰਸ਼ਪਾਲ ਸਿੰਘ ਆਹਲੂਵਾਲੀਆਂ, ਮਿੰਨੀ ਬੱਸ ਅਪਰੇਟਰਜ਼ ਦੇ ਪ੍ਰਧਾਨ ਬਲਤੇਜ ਸਿੰਘ ਵਾਦਰ ਅਤੇ ਹਰਵਿੰਦਰ ਹੈਪੀ ਆਦਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਇਸ ਮੌਕੇ ਟਰਾਂਸਪੋਰਟ ਮੰਤਰੀ ਸ੍ਰੀ ਰਾਜਾ ਵੜਿੰਗ ਨੇ ਦੱਸਿਆ ਕਿ ਪੂਰੇ ਸੂਬੇ ਅੰਦਰ ਹੁਣ ਤਕ ਗੈਰਕਾਨੂੰਨੀ ਤੌਰ ਤੇ ਬਿਨਾਂ ਟੈਕਸ ਭਰੇ 300 ਬੱਸਾਂ ਬੰਦ ਕੀਤੀਆਂ ਜਾ ਚੁੱਕੀਆਂ ਹਨ ਇਨਾਂ ਬੱਸਾਂ ਵਿੱਚੋਂ 35 ਬੱਸਾਂ ਬਠਿੰਡੇ ਜ਼ਿਲੇ ਨਾਲ ਸਬੰਧਤ ਹਨ ਜਿਨਾਂ ਵੱਲੋਂ ਬਿਨਾਂ ਟੈਕਸ ਭਰੇ ਇਹ ਬੱਸਾਂ ਚਲਾਈਆਂ ਜਾ ਰਹੀਆਂ ਸਨ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਟਰਾਂਸਪੋਟਰ ਸਵਾਰੀ ਦੀ ਟਿਕਟ ਕੱਟ ਕੇ ਟੈਕਸ ਵਸੂਲ ਕਰ ਰਹੇ ਹਨ ਤਾਂ ਸਰਕਾਰ ਨੂੰ ਟੈਕਸ ਭਰਨ ਤੋਂ ਕਿਉਂ ਕੰਨੀ ਕਤਰਾਉਂਦੇ ਹਨ। ਉਨਾਂ ਟਰਾਂਸਪੋਰਟਰਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਟੈਕਸ ਭਰੇ ਕੋਈ ਵੀ ਬੱਸ ਗੈਰਕਾਨੂੰਨੀ ਤੌਰ ਤੇ ਨਾ ਚਲਾਈ ਜਾਵੇ।

LEAVE A REPLY

Please enter your comment!
Please enter your name here