ਕੇਂਦਰ ਸਰਕਾਰ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਤੱਕ ਸ਼ੱਕੀ ਵਿਅਕਤੀਆਂ ਦੀ ਭਾਲ, ਗ੍ਰਿਫਤਾਰੀ ਅਤੇ ਜ਼ਬਤ ਕਰਨ ਦਾ ਅਧਿਕਾਰ ਦਿੱਤਾ ਹੈ। ਬੀਐਸਐਫ ਦੇ ਅਧਿਕਾਰਾਂ ਵਿੱਚ ਵਾਧੇ ਕਾਰਨ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਪੰਜਾਬ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਪਹਿਲਾਂ ਹੀ ਬਹੁਤ ਨੁਕਸਾਨ ਝੱਲ ਚੁੱਕਾ ਹੈ। ਅਸੀਂ ਕੇਂਦਰ ਦੇ ਇਸ ਯਤਨ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।
ਉਥੇ ਹੀ ਇਸ ਦੌਰਾਨ ਉਨ੍ਹਾਂ ਨੇ ਕੈਪਟਨ ਵੱਲੋਂ ਕੇਂਦਰ ਦੇ ਫੈਸਲੇ ਦੇ ਸਮਰਥਨ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕੈਪਟਨ ਦੀ ਬੀਜੇਪੀ ਨਾਲ ਗਠਜੋੜ ਹੈ। ਕੈਪਟਨ ਨਵੀਂ ਪਾਰਟੀ ਬਣਾ ਲਵੇਂ, ਸਾਨੂੰ ਇਸ ਤੋਂ ਕੋਈ ਮੁਸ਼ਕਿਲ ਨਹੀਂ ਹੈ। ਉਥੇ ਹੀ ਇਸ ਮੌਕੇ ਸਿੰਗਲਾ ਨੇ ਕਿਹਾ ਕਿ ਪੰਜਾਬ ਨੇ ਮਜ਼ਬੂਤ ਹੋ ਕੇ ਲੜਾਈ ਲੜੀ ਹੈ। ਕੇਂਦਰ ਰਾਜਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਇਸ ਫੈਸਲੇ ਤੋਂ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, “ਮੈਂ ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲ 50 ਕਿਲੋਮੀਟਰ ਦੇ ਦਾਇਰੇ ਵਿੱਚ ਬੀਐਸਐਫ ਨੂੰ ਵਾਧੂ ਸ਼ਕਤੀਆਂ ਦੇਣ ਦੇ ਕੇਂਦਰ ਸਰਕਾਰ ਦੇ ਇੱਕ ਪਾਸੇ ਦੇ ਫੈਸਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜੋ ਕਿ ਸੰਘਵਾਦ ‘ਤੇ ਸਿੱਧਾ ਹਮਲਾ ਹੈ।” ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਤਰਕਹੀਣ ਫੈਸਲੇ ਨੂੰ ਤੁਰੰਤ ਵਾਪਸ ਲਵੇ।