ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਤੇਵਰ ਨਰਮ ਨਹੀਂ ਪਏ ਹਨ। ਨਵਜੋਤ ਸਿੰਘ ਸਿੱਧੂ ਕੱਲ੍ਹ ਦਿੱਲੀ ’ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਤੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਦੇ ਘਰ ਮੁਲਾਕਾਤ ਕਰਨ ਪੁੱਜੇ ਸਨ। ਉੱਥੇ ਸਿੱਧੂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪ੍ਰਤੀ, ਪੰਜਾਬ ਕਾਂਗਰਸ ਪ੍ਰਤੀ ਜੋ ਵੀ ਚਿੰਤਾਵਾਂ ਹਨ, ਉਹ ਪਾਰਟੀ ਹਾਈਕਮਾਨ ਨੂੰ ਦੱਸੀਆਂ ਹਨ।ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪ੍ਰਿਯੰਕਾ ਅਤੇ ਰਾਹੁਲ ਗਾਂਧੀ ’ਤੇ ਪੂਰਾ ਭਰੋਸਾ ਹੈ। ਉਹ ਜੋ ਵੀ ਫ਼ੈਸਲਾ ਲੈਣਗੇ, ਉਹ ਕਾਂਗਰਸ ਅਤੇ ਪੰਜਾਬ ਦੇ ਹਿੱਤ ਵਿਚ ਹੋਵੇਗਾ।
ਇਸ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਬੈਠਕ ਵਿਚ ਜੋ ਵੀ ਗੱਲਾਂ ਹੋਈਆਂ ਹਨ, ਉਨ੍ਹਾਂ ’ਤੇ ਸ਼ੁੱਕਰਵਾਰ ਨੂੰ ਫੈਸਲਾ ਲਿਆ ਜਾਵੇਗਾ। ਹਾਲਾਂਕਿ ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਹੁਕਮ ਉਨ੍ਹਾਂ ਨੂੰ ਸਰਵ ਵਿਆਪਕ ਤੌਰ ’ਤੇ ਮੰਨਣਯੋਗ ਹੋਵੇਗਾ। ਸਿੱਧੂ ਦੇ ਅਸਤੀਫੇ ’ਤੇ ਸਸਪੈਂਸ ਹੁਣ ਸ਼ੁੱਕਰਵਾਰ ਨੂੰ ਭਾਵ ਅੱਜ ਹੀ ਸਾਫ਼ ਹੋ ਸਕੇਗਾ। ਉਂਝ ਹਰੀਸ਼ ਰਾਵਤ ਨੇ ਸਿੱਧੂ ਨਾਲ ਮੁਲਾਕਾਤ ਤੋਂ ਪਹਿਲਾਂ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਸਿੱਧੂ ਅਤੇ ਚੰਨੀ ਕਈ ਮਸਲਿਆਂ ’ਤੇ ਗੱਲਬਾਤ ਕਰ ਚੁੱਕੇ ਹਨ। ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਇਸ ਦੇ ਨਾਲ ਹੀ ਹਰੀਸ਼ ਰਾਵਤ ਨੇ ਕਿਹਾ ਕਿ ਕੁੱਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਸਮਾਂ ਲੱਗਦਾ ਹੈ।
ਇਸ ਤੋਂ ਇਲਾਵਾ ਵੇਣੂਗੋਪਾਲ ਦੇ ਘਰ ਬੈਠਕ ਦੌਰਾਨ ਵੀ ਸਿੱਧੂ ਨੇ ਚੰਨੀ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ। ਖਾਸ ਤੌਰ ’ਤੇ ਸਿੱਧੂ ਨੇ ਐਡਵੋਕੇਟ ਜਨਰਲ ਅਤੇ ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਜਿਸ ਪੁਰਾਣੇ ਸਿਸਟਮ ਖਿਲਾਫ ਉਹ ਲੜ ਰਹੇ ਸਨ, ਜੇਕਰ ਉਸ ਨੂੰ ਹੀ ਦੁਹਰਾਇਆ ਜਾਵੇਗਾ ਤਾਂ ਉਹ ਸਮਝੌਤਾ ਨਹੀਂ ਕਰਨਗੇ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਤੋਂ ਹੁਣ ਤੱਕ 18 ਸੂਤਰੀ ਏਜੰਡਾ ਠੰਡੇ ਬਸਤੇ ਵਿਚ ਪਿਆ ਹੈ।









