ਡਾ. ਵਿਜੇ ਸਿੰਗਲਾ ਨੇ ਡੇਂਗੂ ਦੀ ਰੋਕਥਾਮ ਲਈ ਰਾਜ ‘ਚ ਫੋਗਿੰਗ ਨੂੰ ਤੇਜ਼ ਕਰਨ ਦੇ ਦਿੱਤੇ ਨਿਰਦੇਸ਼

0
71

ਚੰਡੀਗੜ੍ਹ: ਅੱਜ ਇਥੇ ਡੇਂਗੂ ਦੀ ਰੋਕਥਾਮ ਹਿੱਤ ਗਠਿਤ ਸਟੇਟ ਟਾਸਕ ਫੋਰਸ ਕਮੇਟੀ ਦੀ ਮੀਟਿਗ ਦੀ ਪ੍ਰਧਾਨਗੀ ਕਰਦਿਆਂ ਡਾ. ਸਿੰਗਲਾ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਡੇਂਗੂ ਦੇ ਬਹੁਤ ਕੇਸ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਰਾਜ ਵਿੱਚ ਸਮੇਂ ਤੋਂ ਪਹਿਲਾਂ ਗਰਮੀ ਪੈਣ ਕਾਰਨ ਲੋਕਾਂ ਵੱਲੋਂ ਘਰਾਂ ਵਿੱਚ ਕੂਲਰ ਆਦਿ ਵਰਤਣ ਕਾਰਨ ਡੇਂਗੂ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਜਿਸਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਹੁਣ ਤੋਂ ਹੀ ਚੌਕਸ ਹੋਣ ਦੀ ਲੋੜ ਹੈ। ਉਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕਰੱਬਟਾਈਫਸ ਅਤੇ ਲੈਪਟੋਸਪਾਈਰੋਸਿਸ ਦੇ ਲੱਛਣ ਵੀ ਡੇਂਗੂ ਵਰਗੇ ਹੁੰਦੇ ਹਨ, ਪਰੰਤੂ ਇਸ ਨਾਲ ਸਰੀਰ ਦੇ ਦੂਸਰੇ ਅੰਗਾਂ ਤੇ ਜ਼ਿਆਦਾ ਅਸਰ ਹੁੰਦਾ ਹੈ ਅਤੇ ਬੀਤੇ ਵਰੇ ਸੂਬੇ ਵਿੱਚ ਇਨਾਂ ਦੋਵੇਂ ਰੋਗਾਂ ਨਾਲ ਵੀ ਕੁਝ ਮੌਤਾਂ ਹੋਈਆਂ ਸਨ। ਇਸ ਲਈ ਸਾਨੂੰ ਇਨਾਂ ਦੋਵੇਂ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਵੀ ਵਿਸ਼ੇਸ਼ ਧਿਆਨ ਦੇਣ ਦੀ ਵੀ ਲੋੜ ਹੈ।

ਡਾ. ਸਿੰਗਲਾ ਨੇ ਕਿਹਾ ਕਿ ਜਿੱਥੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਫੋਗਿੰਗ ਦੇ ਕਾਰਜ ਵਿੱਚ ਤੇਜ਼ੀ ਲਿਆਂਦੀ ਜਾਵੇ ਉਥੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨਾਂ ਕਿਹਾ ਕਿ ਬੱਚਿਆਂ ਰਾਹੀਂ ਅਸੀਂ ਡੇਂਗੂ ਤੋਂ ਬਚਾਅ ਸਬੰਧੀ ਹਰੇਕ ਪਰਿਵਾਰ ਨੂੰ ਜਾਗਰੂਕ ਕਰ ਸਕਦੇ ਹਾਂ। ਇਸ ਲਈ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਡੇਂਗੂ ਰੋਕਥਾਮ ਸਬੰਧੀ ਜਾਗਰੂਕ ਕੈਂਪ ਲਗਾਏ ਜਾਣ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੀ ਰੋਕਥਾਮ ਸਬੰਧੀ ਚਲਾਈ ਜਾਣ ਵਾਲੀ ਮੁਹਿੰਮ ਵਿੱਚ ਐਨ.ਜੀ.ਓਜ. ਨੂੰ ਵੀ ਸ਼ਾਮਲ ਕੀਤਾ ਜਾਵੇ।

ਮੀਟਿਗ ਦੌਰਾਨ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਸ੍ਰੀ ਵਿਵੇਕ ਪ੍ਰਤਾਪ ਸਿੰਘ ਨੇ ਮੰਗ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਜ਼ਿਲਾ ਪੱਧਰ ਤੇ ਤਾਲਮੇਲ ਸਥਾਪਤ ਕਰਨ ਹਿੱਤ ਸਿਵਲ ਸਰਜਨ ਦੀ ਅਗਵਾਈ ਹੇਠ ਮੀਟਿੰਗ ਕਰਵਾਉਣੀ ਯੋਗ ਹੋਵੇਗੀ। ਜਿਸਤੇ ਸਿਹਤ ਮੰਤਰੀ ਨੇ ਹੁਕਮ ਦਿੱਤੇ ਕਿ ਇਹ ਮੀਟਿੰਗਾਂ ਜਲਦ ਤੋਂ ਜਲਦ ਸਿਹਤ ਵਿਭਾਗ ਵੱਲੋਂ ਕਰਵਾਈਆਂ ਜਾਣ। ਇਸ ਤੋਂ ਇਲਾਵਾ ਉਨਾਂ ਸਥਾਨਕ ਸਰਕਾਰਾਂ ਵਿਭਾਗ ਅਤੇ ਪੇਂਡੂ ਵਿਕਾਸ, ਪੰਚਾਇਤੀ ਰਾਜ ਵਿਭਾਗ ਨੂੰ ਕਿਹਾ ਕਿ ਜੇਕਰ ਉਨਾਂ ਨੂੰ ਡੇਂਗੂ ਦੀ ਰੋਕਥਾਮ ਸਬੰਧੀ ਚਲਾਈ ਜਾਣ ਵਾਲੀ ਮੁਹਿੰਮ ਵਿੱਚ ਸਿਹਤ ਵਿਭਾਗ ਤੋਂ ਕਿਸੇ ਤਰਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਸਿਹਤ ਵਿਭਾਗ ਸਹਾਇਤਾ ਉਪਲਬਧ ਕਰਵਾਉਣ ਲਈ ਤਿਆਰ ਹੈ।

ਡਾ. ਸਿੰਗਲਾ ਨੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਜਿੱਥੇ ਜਿੱਥੇ ਵੀ ਰਾਜ ਸਰਕਾਰ ਵੱਲੋਂ ਪਾਣੀ ਸਾਫ ਕਰਨ ਲਈ ਆਰ.ਓ. ਸਿਸਟਮ ਲਗਾਏ ਗਏ ਸਨ, ਜੇਕਰ ਉਹ ਖਰਾਬ ਪਏ ਹਨ ਤਾਂ ਉਨਾਂ ਨੂੰ ਵੀ ਤੁਰੰਤ ਠੀਕ ਕਰਵਾਇਆ ਜਾਵੇ।

ਸਿਹਤ ਵਿਭਾਗ ਦੇ ਸਕੱਤਰ ਸ੍ਰੀ ਅਜੋਏ ਸ਼ਰਮਾ ਨੇ ਡੇਂਗੂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੂੰ ਜਾਣੂ ਕਰਵਾਉਦਿਆਂ ਦੱਸਿਆ ਕਿ ਵਿਭਾਗ ਨੂੰ ਡੇਂਗੂ ਸਬੰਧੀ ਕੀਤਾ ਜਾਂਦਾ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਵਿਚ ਕੀਤਾ ਜਾਂਦਾ ਹੈ ਅਤੇ ਵਿਭਾਗ ਵੱਲੋਂ ਟੈਸਟ ਲਈ ਲੋੜੀਂਦੀ ਟੈਸਟਿੰਗ ਕਿਟਸ ਸਾਰੇ ਸਰਕਾਰੀ ਹਸਪਤਾਲਾਂ ਵਿੱਚ ੳਪਲਬਧ ਕਰਵਾ ਦਿੱਤੀਆਂ ਗਈਆਂ ਹਨ। ਉਨਾਂ ਇਹ ਵੀ ਦੱਸਿਆ ਕਿ ਹਸਪਤਾਲਾਂ ਵਿੱਚ ਡੇਂਗੂ ਸਬੰਧੀ ਵਾਰਡ ਤਿਆਰ ਕਰਨ ਲਈ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਇਸ ਮੌਕੇ ਡੇਂਗੂ ਦੀ ਰੋਕਥਾਮ ਹਿੱਤ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਤਿਆਰ ਕੀਤਾ ਗਿਆ ਪੋਸਟਰ ਸਿਹਤ ਮੰਤਰੀ ਵੱਲੋਂ ਜਾਰੀ ਕੀਤਾ ਗਿਆ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਟੀ.ਪੀ.ਐਸ. ਫੂਲਕਾ, ਐਮ.ਡੀ.ਐਨ.ਐਚ.ਐਮ., ਸ੍ਰੀਮਤੀ ਨੀਲੀਮਾ, ਐਮ.ਡੀ.ਪੀ.ਐਚ.ਐਸ.ਸੀ., ਡਾ. ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਟੇਟ ਟਰਾਂਸਪੋਰਟ ਵਿਭਾਗ, ਡਾਕਟਰੀ ਸਿੱਖਿਆ ਤੇ ਖੋਜ ਵਿਭਾਗ, ਸਕੂਲ ਸਿੱਖਿਆ ਵਿਭਾਗ, ਕਿਰਤ ਵਿਭਾਗ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸੀਨੀਅਰ ਰਿਜ਼ਨਲ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਇੰਡੀਅਨ ਮੈਡੀਕਲ ਐਸੋਸੀਏਸ਼ਨ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

 

LEAVE A REPLY

Please enter your comment!
Please enter your name here