ਕੋਰੋਨਾ ਮਹਾਂਮਾਰੀ ਤੋਂ ਹਰ ਕੋਈ ਪ੍ਰਭਾਵਿਤ ਹੋਇਆ ਹੈ। ਇਸ ਮਹਾਂਮਾਰੀ ਨਾਲ ਹਰ ਸੂਬੇ ਤੇ ਹਰ ਦੇਸ਼ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਇਸ ਭਿਆਨਕ ਵਾਇਰਸ ਨੇ ਹੁਣ ਤੱਕ ਅਨੇਕਾਂ ਲੋਕਾਂ ਦੀ ਜਾਨ ਵੀ ਲੈ ਲਈ ਹੈ। ਇਸ ਵਾਇਰਸ ਦੇ ਡਰ ਕਾਰਨ ਆਪਣੇ ਆਪਣਿਆਂ ਤੋਂ ਦੂਰ ਹੋ ਗਏ। ਜੇਕਰ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਕਰੀਏ ਤਾਂ ਇਹ ਵੀ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬੁਰੀ ਤਰ੍ਹਾਂ ਡਰਿਆ ਹੋਇਆ ਹੈ।
ਪਾਕਿਸਤਾਨ ਸਰਕਾਰ ਜਲਦ ਤੋਂ ਜਲਦ ਸਾਰੇ ਪਾਕਿਸਤਾਨੀਆਂ ਦੀ ਵੈਕਸੀਨੇਸ਼ਨ ਯਕੀਨੀ ਬਣਾਉਣਾ ਚਾਹੁੰਦੀ ਹੈ, ਪਰ ਉੱਥੋਂ ਦੇ ਨਾਗਰਿਕ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ। ਅਜਿਹੇ ਵਿਚ ਇਮਰਾਨ ਸਰਕਾਰ ਨੇ ਉਨ੍ਹਾਂ ਲੋਕਾਂ ਲਈ ਇੱਕ ਨਵੀਂ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਵੈਕਸੀਨ ਨਹੀਂ ਲਗਵਾਈ ਹੈ ਤੇ ਜਿਹੜੇ ਇਸ ਦੇ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹਨ, ਉਨ੍ਹਾਂ ਨੂੰ 1 ਅਕਤੂਬਰ ਤੋਂ ਟ੍ਰੇਨ ‘ਚ ਯਾਤਰਾ ਕਰਨ ਨਹੀਂ ਦਿੱਤੀ ਜਾਵੇਗੀ।
ਪਾਕਿਸਤਾਨ ਵਧਦੇ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਯਤਨ ਕਰ ਰਿਹਾ ਹੈ। ਇਸ ਵਾਇਰਸ ਦੀ ਰੋਕਥਾਮ ਲਈ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ ਦੀ ਬੈਠਕ ਕੀਤੀ ਗਈ ਜਿਸ ਵਿਚ ਵੈਕਸੀਨ ਪ੍ਰਤੀ ਲੋਕਾਂ ਦੀ ਝਿਜਕ, ਅਣਇੱਛਾ ਤੇ ਮੁੜ ਫੈਲਦੇ ਇਨਫੈਕਸ਼ਨ ਦੇ ਮਾਮਲੇ ‘ਤੇ ਗੰਭੀਰ ਚਿੰਤਾ ਪ੍ਰਗਟਾਈ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਫੈਲਦੇ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਅੱਗੇ ਹੋਰ ਵੀ ਸਖ਼ਤ ਕਦਮ ਉਠਾਏ ਜਾ ਸਕਦੇ ਹਨ।









