ਕਾਂਗਰਸੀ ਸੰਸਦ ਮੈਂਬਰਾਂ ਨੇ ‘ਤਾਜਪੋਸ਼ੀ’ ਦੇ ਜਸ਼ਨਾਂ ‘ਚ ਰੋਲੀ ਕਿਸਾਨ ਸੰਗਠਨਾਂ ਦੀ ਅਪੀਲ – ਭਗਵੰਤ ਮਾਨ

0
55

ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਸੰਸਦ ‘ਚੋਂ ਗ਼ੈਰਹਾਜ਼ਰ ਰਹਿਣ ਦੀ ਕੀਤੀ ਆਲੋਚਨਾ

ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਸੰਸਦ ‘ਚ ਚੌਥੀ ਵਾਰ ਪੇਸ਼ ਕੀਤਾ ਕੰਮ ਰੋਕੂ ਪ੍ਰਸਤਾਵ

ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਦੀ ਪਾਰਲੀਮੈਂਟ ‘ਚੋਂ ਮੁਕੰਮਲ ਗੈਰ-ਹਾਜ਼ਰੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ‘ਤਾਜਪੋਸ਼ੀ’ ਦੇ ਜਸ਼ਨਾਂ ‘ਚ ਕਾਂਗਰਸੀਆਂ ਨੇ ਕਿਸਾਨ-ਸੰਗਠਨਾਂ ਦੀ ਅਪੀਲ ਨੂੰ ਰੋਲ ਕੇ ਰੱਖ ਦਿੱਤਾ ਹੈ। ਇਹ ਨਾ ਕੇਵਲ ‘ਜਨਤਕ ਵਿੱਪ’ ਦੀ ਉਲੰਘਣਾ ਹੈ, ਸਗੋਂ ਦਿੱਲੀ ਦੀਆਂ ਸਰਹੱਦਾਂ ‘ਤੇ ਕੁਰਬਾਨੀਆਂ ਦੇ ਰਹੇ ਅੰਨਦਾਤਾ ਦੀ ਤੌਹੀਨ ਹੈ।

ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਅੱਜ (ਸ਼ੁੱਕਰਵਾਰ) ਨੂੰ ਮਾਨਸੂਨ ਇਜਲਾਸ ਦੌਰਾਨ ਲਗਾਤਾਰ ਚੌਥੀ ਵਾਰ ‘ਕੰਮ ਰੋਕੂ ਮਤਾ’ ਸੰਸਦ ‘ਚ ਪੇਸ਼ ਕੀਤਾ, ਪਰੰਤੂ ਸੱਤਾ ਦੇ ਨਸ਼ੇ ‘ਚ ਅੰਨ੍ਹੀ ਹੋਈ ਕੇਂਦਰ ਸਰਕਾਰ ਨੇ ਅੱਜ ਵੀ ਕੰਮ ਰੋਕੂ ਪ੍ਰਸਤਾਵ ਨੂੰ ਰੱਦ ਕਰ ਦਿੱਤਾ, ਜੋ ਮੰਦਭਾਗਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਕਿਸਾਨ ਸੰਗਠਨਾਂ ਵੱਲੋਂ ਜਾਰੀ ਜਨਤਕ ਵਿੱਪ ‘ਤੇ ਪਹਿਰਾ ਦਿੰਦਿਆਂ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਕਿਸਾਨਾਂ ਦੇ ਹੱਕ ‘ਚ ਕਾਲੇ ਕਾਨੂੰਨਾਂ ਵਿਰੁੱਧ ਜਿੰਨੀ ਵਾਹ ਲੱਗ ਸਕਦੀ ਸੀ, ਉਨ੍ਹਾਂ ਵਿਰੋਧ ਕੀਤਾ। ਮਾਨ ਮੁਤਾਬਿਕ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਆਮ ਆਦਮੀ ਪਾਰਟੀ ਉਦੋਂ ਤੱਕ ਸੜਕ ਤੋਂ ਲੈ ਕੇ ਸੰਸਦ ਤੱਕ ਵਿਰੋਧ ਜਾਰੀ ਰੱਖੇਗੀ।

ਭਗਵੰਤ ਮਾਨ ਨੇ ਖੇਤੀ ਕਾਨੂੰਨਾਂ ਬਾਰੇ ਕਾਂਗਰਸ ‘ਤੇ ਦੋਗਲਾ ਸਟੈਂਡ ਰੱਖਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਪਣੀ ਹੋਂਦ ਬਚਾਉਣ ਦੀ ਲੜਾਈ ‘ਚ ਅੱਠ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ‘ਕੁਰਬਾਨੀਆਂ’ ਦੇਣ ਲਈ ਮਜਬੂਰ ਹੈ, ਦੂਜੇ ਪਾਸੇ ਕਾਂਗਰਸੀ ਤਾਜਪੋਸ਼ੀ ਦੇ ਜਸ਼ਨਾਂ ‘ਚ ਡੁੱਬੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ‘ਚ ਜਸ਼ਨ ਸ਼ੋਭਾ ਨਹੀਂ ਦਿੰਦੇ। ਇਸ ਲਈ ਕਾਂਗਰਸ ਸੱਤਾ ਦੇ ਨਸ਼ੇ ‘ਚੋਂ ਬਾਹਰ ਨਿਕਲੇ ਅਤੇ ਅੰਨਦਾਤਾ ਦੇ ਹੱਕ ‘ਚ ਲੜਾਈ ਜਿੱਤੇ ਜਾਣ ਤੱਕ ਕੇਂਦਰ ਸਰਕਾਰ ਵਿਰੁੱਧ ਸੰਸਦ ਦੇ ਅੰਦਰ ਅਤੇ ਬਾਹਰ ਜਾਰੀ ਲੜਾਈ ‘ਚ ਕਿਸਾਨਾਂ ਦਾ ਇਮਾਨਦਾਰੀ ਨਾਲ ਸਾਥ ਦੇਵੇ।

LEAVE A REPLY

Please enter your comment!
Please enter your name here