ਬੀਜਿੰਗ : ਵਿਸ਼ਵ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਬਿਆਨ ‘ਚ ਕਿਹਾ ਕਿ ਚੀਨ ਦੀ ਕੋਰੋਨਾ ਵੈਕਸੀਨ ‘Sinovac’ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ, ‘ਡਬਲਯੂ.ਐਚ.ਓ. ਨੇ ਅੱਜ ਐਮਰਜੈਂਸੀ ਵਰਤੋਂ ਲਈ ਸਿਨੋਵੈਕ-ਕੋਰੋਨਾਵੈਕ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦਿੱਤੀ ਹੈ। ਦੇਸ਼ਾਂ, ਖ਼ਰੀਦ ਏਜੰਸੀਆਂ ਅਤੇ ਭਾਈਚਾਰਿਆਂ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਇਹ ਟੀਕਾ ਸੁਰੱਖਿਤ, ਪ੍ਰਭਾਵ ਅਤੇ ਨਿਰਮਾਣ ਦੇ ਲਿਹਾਜ ਨਾਲ ਅੰਤਰਰਾਸ਼ਟਰੀ ਮਾਨਕਾਂ ਨੂੰ ਪੂਰਾ ਕਰਦਾ ਹੈ।’
ਸਿਨੋਫਾਰਮ ਪਿਛਲੇ ਮਹੀਨੇ ਪਹਿਲੀ ਅਜਿਹੀ ਚੀਨੀ ਕੰਪਨੀ ਬਣੀ ਸੀ, ਜਿਸ ਦੀ ਵੈਕਸੀਨ ਨੂੰ WHO ਨੇ ਮਾਨਤਾ ਦਿੱਤੀ ਹੋਵੇ। ਸੰਗਠਨ ਨੇ ਸਿਨੋਵੈਕਸੀਨ ਦੀਆਂ ਦੋ ਡੋਜ਼ ਵਾਲੇ ਟੀਕੇ ਨੂੰ ਹਰੀ ਝੰਡੀ ਦਿੱਤੀ ਹੈ, ਜਿਸ ਨੂੰ ਪਹਿਲਾਂ ਹੀ ਕਈ ਦੇਸ਼ਾਂ ਵਿੱਚ ਵਰਤਿਆ ਜਾ ਰਿਹਾ ਹੈ। ਹੁਣ ਇਸ ‘ਤੇ ਕੌਮਾਂਤਰੀ ਮੋਹਰ ਵੀ ਲੱਗ ਗਈ ਹੈ। WHO ਨੇ Pfizer BioNTech, Moderna, Johnson & Johnson, AstraZeneca ਦੀ ਭਾਰਤ, ਦੱਖਣੀ ਕੋਰੀਆ ਅਤੇ ਯੂਰਪੀਅਨ ਯੂਨੀਅਨ ਵਿੱਚ ਵੱਖ-ਵੱਖ ਤਿਆਰ ਕੀਤੇ ਜਾ ਰਹੇ ਟੀਕਿਆਂ ਦੀ ਐਮਰਜੈਂਸੀ ਵਰਤੋਂ ਦੀ ਸੂਚੀ ਤਿਆਰ ਕੀਤੀ ਹੈ।