ਨਵੀਂ ਦਿੱਲੀ : ਭਾਰਤ ਨੇ ਇੰਟਰਨੈਸ਼ਨਲ ਯਾਤਰੀਆਂ ਲਈ ਨਵੇਂ ਦਿਸ਼ਾ – ਨਿਰਦੇਸ਼ ਜਾਰੀ ਕੀਤੇ ਹਨ। ਦਰਅਸਲ ਭਾਰਤ ਨੇ ਪੂਰੀ ਤਰ੍ਹਾਂ ਨਾਲ ਟੀਕਾਕਰਣ ਕੀਤੇ ਹੋਏ ਵਿਦੇਸ਼ੀ ਯਾਤਰੀਆਂ ਨੂੰ ਸੋਮਵਾਰ ਤੋਂ ਬਿਨ੍ਹਾਂ ਟੈਸਟਿੰਗ ਅਤੇ ਇਕਾਂਤਵਾਸ ਦੇ ਏਅਰਪੋਰਟ ਤੋਂ ਬਾਹਰ ਜਾਣ ਦੀ ਆਗਿਆ ਦੇ ਦਿੱਤੀ ਹੈ। ਦੱਸ ਦਈਏ ਕਿ ਇਹ ਆਗਿਆ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਨੇ WHO ਦੀ ਮਨਜ਼ੂਰੀ ਵਾਲੀ ਕੋਰੋਨਾ ਵੈਕਸੀਨ ਲਗਵਾਈ ਹੈ। ਨਾਲ ਹੀ ਜਿਨ੍ਹਾਂ ਨੇ ਭਾਰਤ ਦੇ ਟੀਕਿਆਂ ਨੂੰ ਮਾਨਤਾ ਦਿੱਤੀ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਵੀ ਇਹ ਸਹੂਲਤ ਦਿੱਤੀ ਹੈ। ਇਨ੍ਹਾਂ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸੋਮਵਾਰ ਤੋਂ ਏਅਰਪੋਰਟ ਤੋਂ ਬਿਨ੍ਹਾਂ ਟੈਸਟਿੰਗ ਅਤੇ ਇਕਾਂਤਵਾਸ ਦੇ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇਗੀ।
ਉਥੇ ਹੀ ਜਾਰੀ ਕੀਤੇ ਗਏ ਨਵੇਂ ਦਿਸ਼ਾ – ਨਿਰਦੇਸ਼ਾਂ ‘ਚ ਯਾਤਰੀਆਂ ਦੇ ਨਾਲ – ਨਾਲ ਐਂਟਰੀ ਪੁਆਇੰਟਸ ‘ਤੇ ਖੜੇ ਹੋਣ ਵਾਲੇ ਯਾਤਰੀਆਂ ਲਈ ਵੀ ਪ੍ਰੋਟੋਕਾਲਸ ਦਿੱਤੇ ਗਏ ਹਨ। ਉਥੇ ਹੀ ਮੰਤਰਾਲੇ ਨੇ ਕਿਹਾ ਹੈ ਕਿ ਇਹ ਦਿਸ਼ਾ – ਨਿਰਦੇਸ਼ ਸੋਮਵਾਰ ਤੋਂ ਲਾਗੂ ਕੀਤੇ ਜਾਣਗੇ। ਦਿਸ਼ਾ ਨਿਰਦੇਸ਼ਾਂ ਮੁਤਾਬਕ, ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ, ਸਾਰੇ ਯਾਤਰੀਆਂ ਨੂੰ ਨਿਰਧਾਰਿਤ ਯਾਤਰਾ ਤੋਂ ਪਹਿਲਾਂ ਆਨਲਾਈਨ ਹਵਾਈ ਸਹੂਲਤ ਪੋਰਟਲ ‘ਤੇ ਇੱਕ ਸਵੈ – ਘੋਸ਼ਣਾ ਪੱਤਰ ਜਮ੍ਹਾਂ ਕਰਨਾ ਪਵੇਗਾ ਅਤੇ ਇੱਕ ਨੈਗੇਟਿਵ ਆਰਟੀ – ਪੀਸੀਆਰ ਰਿਪੋਰਟ ਅਪਲੋਡ ਕਰਨੀ ਪਵੇਗੀ। ਇਹ ਰਿਪੋਰਟ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਦੀ ਹੋਣੀ ਚਾਹੀਦੀ ਹੈ।









