ਉੱਤਰੀ ਅਮਰੀਕਾ ‘ਚ ਸਫਲਤਾ ਦੇ ਝੰਡੇ ਗੱਡਣ ਵਾਲੀ ਪੰਜਾਬੀ ਫਿਲਮ ਚੱਲ ਮੇਰਾ ਪੁੱਤ -3 ਨੇ ਇੰਗਲੈਂਡ’ ਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਦਰਅਸਲ ਚੱਲ ਮੇਰਾ ਪੁੱਤ -3 ਯੂਕੇ ਦੇ ਇਤਿਹਾਸ ਵਿੱਚ ਅਜਿਹੀ ਫਿਲਮ ਬਣ ਗਈ ਹੈ, ਜਿਸਨੇ ਇੱਕ ਰਿਕਾਰਡ ਤੋੜ ਦਰਸ਼ਕਾਂ ਨੂੰ ਆਕਰਸ਼ਤ ਕੀਤਾ ਹੈ। ਹਿੰਦੀ ਫਿਲਮਾਂ ਨੂੰ ਪਛਾੜਦੇ ਹੋਏ ਵੈਬਸਾਈਟ comScore ਦੀ ਸੂਚੀ ਵਿੱਚ ਸਿਖਰ ‘ਤੇ ਆਉਣ ਵਾਲੀ ਇਹ ਪਹਿਲੀ ਪੰਜਾਬੀ ਫਿਲਮ ਹੈ। ਚੱਲ ਮੇਰਾ ਪੁੱਤ 3 ਯੂਕੇ ਵਿੱਚ ਰਿਲੀਜ਼ ਹੋਈਆਂ ਚੋਟੀ ਦੀਆਂ 5 ਫਿਲਮਾਂ ਵਿੱਚ 4 ਵੇਂ ਨੰਬਰ ਤੇ ਆ ਗਈ ਹੈ, ਜੋ ਕਿ ਪੰਜਾਬੀ ਸਿਨੇਮਾ ਲਈ ਬਹੁਤ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਚੱਲ ਮੇਰਾ ਪੁੱਤ -3 ਨੂੰ ਪੰਜਾਬ ਵਿੱਚ ਵੀ ਭਰਪੂਰ ਸਮਰਥਨ ਮਿਲਿਆ ਹੈ।
ਲਾਕਡਾਊਨ ਤੋਂ ਬਾਅਦ ਇਹ ਪਹਿਲੀ ਫਿਲਮ ਹੈ ਜੋ ਪੰਜਾਬੀ ਫਿਲਮਾਂ ਦੀ ਰਫ਼ਤਾਰ ਵਧਾਉਣ ਅਤੇ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ਵਿੱਚ ਕਾਮਯਾਬ ਰਹੀ ਹੈ। ਅਮਰਿੰਦਰ ਗਿੱਲ, ਸਿਮੀ ਚਾਹਲ, ਹਰਦੀਪ ਗਿੱਲ, ਗੁਰਸ਼ਬਦ ਅਤੇ ਹੋਰਾਂ ਸਮੇਤ ਚੋਟੀ ਦੇ ਪਾਕਿਸਤਾਨੀ ਕਲਾਕਾਰਾਂ ਨਾਲ ਸਜੀ ਇਹ ਫਿਲਮ ਮਨੋਰੰਜਨ ਦੇ ਨਾਲ ਇੱਕ ਬਹੁਤ ਵੱਡਾ ਸੰਦੇਸ਼ ਦਿੰਦੀ ਹੈ। ਇਹ ਫਿਲਮ ਉਨ੍ਹਾਂ ਪੰਜਾਬੀ ਨੌਜਵਾਨਾਂ ਦੀ ਕਹਾਣੀ ਹੈ ਜੋ ਵਿਦੇਸ਼ ਜਾਣਾ ਚਾਹੁੰਦੇ ਹਨ। ਸਿਨੇਮਾ ਤੋਂ ਬਾਹਰ ਆਉਣ ਵਾਲਾ ਹਰ ਦਰਸ਼ਕ ਫਿਲਮ ਦੀ ਪ੍ਰਸ਼ੰਸਾ ਕਰ ਰਿਹਾ ਹੈ।