ਪੰਜਾਬ ਵਿਜੀਲੈਂਸ ਬਿਊਰੋ ਨੇ ਦੋ ਔਰਤਾਂ ਨੂੰ ਕੀਤਾ ਗ੍ਰਿਫਤਾਰ

0
325

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਦੋ ਦੋਸ਼ੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਾਲ 2017 ਵਿੱਚ ਬਿਊਰੋ ਵੱਲੋਂ ਦਰਜ ਕੀਤੇ ਗਏ ਇੱਕ ਜਾਅਲਸਾਜ਼ੀ ਦੇ ਕੇਸ ਵਿੱਚ ਲੋੜੀਂਦੀਆਂ ਸਨ ਤੇ ਗ੍ਰਿਫਤਾਰੀ ਤੋਂ ਬਚਣ ਲਈ ਫਰਾਰ (ਪੀ.ਓ.) ਚਲੀਆਂ ਆ ਰਹੀਆਂ ਸਨ।

ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਅਨੀਤਾ ਅਤੇ ਅੰਬਿਕਾ ਦੋਵੇਂ ਵਾਸੀ ਸੁਲਤਾਨਪੁਰ ਲੋਧੀ, ਜ਼ਿਲਾ ਕਪੂਰਥਲਾ ਨੂੰ ਜਨਵਰੀ 2021 ਨੂੰ ਵਿਜੀਲੈਂਸ ਥਾਣਾ ਜਲੰਧਰ ਵਿਖੇ ਐਫਆਈਆਰ ਨੰਬਰ 05 ਮਿਤੀ 09.03.2017 ਦੇ ਤਹਿਤ ਪਹਿਲਾਂ ਹੀ ਦਰਜ ਇੱਕ ਮੁਕੱਦਮੇ ਵਿੱਚ ਆਈਪੀਸੀ ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਤੇ 13(2) ਅਧੀਨ ਕੇਸ ਵਿਚ ਅਦਾਲਤ ਵੱਲੋਂ ਪੀਓ ਕਰਾਰ ਦਿੱਤੀਆਂ ਗਈਆਂ ਸਨ।

ਉਨਾਂ ਦੱਸਿਆ ਕਿ ਉਪਰੋਕਤ ਦੋਸ਼ੀ ਔਰਤਾਂ ਸੁਲਤਾਨਪੁਰ ਲੋਧੀ ਦੇ ਸਾਬਕਾ ਕੌਂਸਲਰ ਤਿਲਕ ਰਾਜ ਦੀ ਪਤਨੀ ਅਤੇ ਮਾਤਾ ਹਨ। ਤਿਲਕ ਰਾਜ ਇਸ ਮਾਮਲੇ ਵਿੱਚ 05-02-2018 ਵਿੱਚ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਹੋਰ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਉਕਤ ਮੁਲਜ਼ਮ ਔਰਤਾਂ ਨੇ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਦੀ ਸ਼ਾਖਾ ਸੁਲਤਾਨਪੁਰ ਲੋਧੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਜਾਅਲੀ ਅਤੇ ਫਰਜ਼ੀ ਦਸਤਾਵੇਜਾਂ ‘ਤੇ ਕ੍ਰਮਵਾਰ 20 ਲੱਖ ਅਤੇ 28 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਕਤ ਦਰਜ ਹੋਣ ਪਿੱਛੋਂ ਇਹ ਦੋਵੇਂ ਹਾਈਕੋਰਟ ਤੋਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ 28-08-2018 ਤੋਂ ਫਰਾਰ ਸਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਮਾਮਲਾ ਵਿਜੀਲੈਂਸ ਇਨਕੁਆਰੀ ਨੰਬਰ 12/2013 ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਮਈ 2013 ਤੋਂ ਅਪ੍ਰੈਲ 2016 ਦੇ ਸਮੇਂ ਦੌਰਾਨ ਤੱਤਕਾਲੀ ਦੋਸ਼ੀ ਮੈਨੇਜਰ ਸੁਲਿੰਦਰ ਸਿੰਘ ਅਤੇ ਹੋਰਾਂ ਵੱਲੋਂ ਜਾਅਲੀ ਦਸਤਾਵੇਜਾਂ ਦੇ ਆਧਾਰ ‘ਤੇ ਐਸ.ਬੀ.ਆਈ. ਤੋਂ ਖੇਤੀ ਕਰਜਿਆਂ ਨਾਲ ਸਬੰਧਤ ਦੇ ਕੁੱਲ 107 ਕੇਸ ਮਨਜੂਰ ਕੀਤੇ ਗਏ ਸਨ ਜਿਸ ਰਾਹੀਂ ਬੈਂਕ ਨਾਲ 15 ਕਰੋੜ 83 ਲੱਖ ਰੁਪਏ ਦਾ ਗਬਨ ਕੀਤਾ ਗਿਆ।

ਉਨਾਂ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਪਹਿਲੇ ਪੜਾਅ ਦੌਰਾਨ 14 ਕਰਜ਼ੇ ਦੇ ਕੇਸਾਂ ਦੀ ਜਾਂਚ ਕੀਤੀ ਅਤੇ ਇਨਾਂ ਕੇਸਾਂ ਵਿੱਚ ਕੁੱਲ 33 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ। ਉਨਾਂ ਦੱਸਿਆ ਕਿ ਹੁਣ ਤੱਕ 26 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ 7 ਮੁਲਜ਼ਮ ਅਜੇ ਵੀ ਫਰਾਰ ਚੱਲ ਰਹੇ ਹਨ ਜਿਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here