ਟਰਾਂਸਪੋਰਟ ਮੰਤਰੀ ਨੇ ਬੱਸਾਂ ਦੀ ਅਚਾਨਕ ਕੀਤੀ ਚੈਕਿੰਗ, ਕਈ ਬੱਸਾਂ ਦੇ ਕੱਟੇ ਗਏ ਚਲਾਨ

0
70

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਜਲੰਧਰ ਤੇ ਸ਼ਹਿਰ ਨੇੜਲੀਆਂ ਤਿੰਨ ਥਾਵਾਂ ’ਤੇ ਬੱਸਾਂ ਦੀ ਚੈਕਿੰਗ ਕੀਤੀ। ਕੈਬਨਿਟ ਮੰਤਰੀ ਦੀ ਮੌਜੂਦਗੀ ’ਚ ਬਿਨਾਂ ਦਸਤਾਵੇਜ਼ਾਂ ਜਾਂ ਅਧੂਰੇ ਦਸਤਾਵੇਜ਼ਾਂ ਤੋਂ ਚੱਲ ਰਹੀਆਂ ਦੋ ਬੱਸਾਂ ਨੂੰ ਜ਼ਬਤ ਕਰਨ ਸਣੇ 21 ਬੱਸਾਂ ਦੇ ਵੱਖ-ਵੱਖ ਉਲੰਘਣਾਵਾਂ ਲਈ ਚਲਾਨ ਕੀਤੇ ਗਏ। ਚਲਾਨ ਕੀਤੀਆਂ ਬੱਸਾਂ ’ਚ ਦੋ ਸਰਕਾਰੀ ਬੱਸਾਂ ਵੀ ਸ਼ਾਮਲ ਹਨ, ਜੋ ਅਣਅਧਿਕਾਰਤ ਰੂਟ ’ਤੇ ਚੱਲ ਰਹੀਆਂ ਸਨ।

ਕੈਬਨਿਟ ਮੰਤਰੀ ਤੇ ਉਨ੍ਹਾਂ ਦੀ ਟੀਮ ਵੱਲੋਂ ਸੂਬੇ ਦੀਆਂ ਸੜਕਾਂ ’ਤੇ ਲੋਕਾਂ ਦੀ ਸੁਰੱਖਿਆ ਤੇ ਬੱਸ ਚਾਲਕਾਂ ਦੁਆਰਾ ਸੜਕੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਮਨਸ਼ੇ ਨਾਲ ਜਲੰਧਰ ਬੱਸ ਸਟੈਂਡ ਦੇ ਆਲੇ-ਦੁਆਲੇ, ਜਲੰਧਰ-ਪਠਾਨਕੋਟ ਰੋਡ ’ਤੇ ਕਿਸ਼ਨਗੜ੍ਹ ਅਤੇ ਜਲੰਧਰ-ਅੰਮ੍ਰਿਤਸਰ ਰੋਡ ’ਤੇ ਕਰਤਾਰਪੁਰ ਵਿਖੇ ਕੀਤੀ ਗਈ ਚੈਕਿੰਗ ਦੌਰਾਨ ਕੁੱਲ 56 ਬੱਸਾਂ ਦੀ ਚੈਕਿੰਗ ਕੀਤੀ ਗਈ।

ਇਸ ਦੌਰਾਨ ਵਿਜੈ ਬੱਸ ਸਰਵਿਸ ਦੀ ਬੱਸ ਨੰਬਰ ਐੱਨਐੱਲ-02ਬੀ 3020 ਨੂੰ ਰਿਜਨਲ ਟਰਾਂਸਪੋਰਟ ਅਥਾਰਟੀ ਦੀ ਲੋੜੀਂਦੀ ਪ੍ਰਵਾਨਗੀ ਤੋਂ ਬਿਨਾਂ ਚਲਾਏ ਜਾਣ ਲਈ 50,000 ਰੁਪਏ ਦਾ ਭਾਰੀ ਜੁਰਮਾਨਾ ਕੀਤਾ ਗਿਆ। ਖਹਿਰਾ ਸਲੀਪਰਜ਼ ਦੀ ਬੱਸ ਨੰਬਰ ਯੂਪੀ-31ਟੀ 3737 ’ਚ ਯਾਤਰੀਆਂ ਦੀ ਵੱਧ ਸਮਰੱਥਾ ਹੋਣ ਕਾਰਨ 50,000 ਰੁਪਏ ਦਾ ਚਲਾਨ ਕੀਤਾ ਗਿਆ। ਇਸ ਤੋਂ ਇਲਾਵਾ ਇੰਡੋ-ਕੈਨੇਡੀਅਨ ਸਰਵਿਸ ਦੀ ਬੱਸ ਨੰਬਰ ਪੀਬੀ-01ਸੀ 9726 ਨੂੰ ਪਰਮਿਟ ਨਿਯਮਾਂ ਦੀ ਉਲੰਘਣਾ ਕਾਰਨ 10,000 ਰੁਪਏ ਦਾ ਜੁਰਮਾਨਾ ਕੀਤਾ ਗਿਆ।

ਇਸੇ ਤਰ੍ਹਾਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਤੇ ਅਧੂਰੇ ਦਸਤਾਵੇਜ਼ਾਂ ਕਾਰਨ 18 ਪ੍ਰਾਈਵੇਟ ਬੱਸਾਂ ਦੇ 2 ਲੱਖ ਰੁਪਏ ਤੋਂ ਵੱਧ ਦੇ ਚਲਾਨ ਕੱਟੇ ਗਏ, ਜਿਨ੍ਹਾਂ ’ਚ ਕਰਤਾਰ ਬੱਸ ਦੀਆਂ ਤਿੰਨ ਬੱਸਾਂ, ਪਟਿਆਲਾ ਐਕਸਪ੍ਰੈੱਸ ਤੇ ਪਟਿਆਲਾ ਹਾਈਵੇਜ਼ ਦੀਆਂ ਦੋ-ਦੋ ਤੇ ਨਿੱਝਰ ਮਿੰਨੀ ਬੱਸ, ਪ੍ਰਕਾਸ਼ ਬੱਸ, ਲਿਬੜਾ ਬੱਸ, ਸ਼ੇਖੂਪੁਰਾ ਬੱਸ ਸਰਵਿਸ, ਨਰਵਾਲ ਬੱਸ, ਬਾਈ ਜੀ ਟਰਾਂਸਪੋਰਟ, ਰਾਜਗੁਰੂ ਤੇ ਮੋਹਾਲੀ ਬੱਸ ਦੀ ਇੱਕ-ਇੱਕ ਬੱਸ ਸ਼ਾਮਲ ਹੈ ਜਦਕਿ ਪਿਆਰ ਬੱਸ ਤੇ ਕਰਤਾਰ ਬੱਸ ਸਰਵਿਸ ਦੀਆਂ ਬਿਨਾਂ ਦਸਤਾਵੇਜ਼ਾਂ ਤੋਂ ਚਲ ਰਹੀਆਂ ਦੋ ਬੱਸਾਂ ਮੌਕੇ ’ਤੇ ਹੀ ਜ਼ਬਤ ਕੀਤੀਆਂ ਗਈਆਂ।

ਕਰਤਾਰਪੁਰ ਵਿਖੇ ਚੈਕਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਪੰਜਾਬ ਰੋਡਵੇਜ਼ ਦੀਆਂ ਦੋ ਬੱਸਾਂ (ਨੰਬਰ ਪੀਬੀ-08-ਈਸੀ 4529 ਤੇ ਪੀਬੀ-65-ਏਟੀ 0543) ਨੂੰ ਅਣ-ਨਿਰਧਾਰਿਤ ਰੂਟ ’ਤੇ ਚਲਦਾ ਪਾਇਆ। ਦੋਵਾਂ ਬੱਸਾਂ ਦੇ ਡਰਾਈਵਰਾਂ ਦੇ ਅਣਅਧਿਕਾਰਤ ਰੂਟਾਂ ’ਤੇ ਚੱਲਣ ਲਈ ਚਲਾਨ ਕੀਤੇ ਗਏ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਬਿਨਾਂ ਢੁਕਵੇਂ ਦਸਤਾਵੇਜ਼ਾਂ ਤੇ ਪਰਮਿਟਾਂ ਦੇ ਕਿਸੇ ਵੀ ਬੱਸ ਨੂੰ ਚਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ’ਚ ਅਚਨਚੇਤ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਚਲਾਨ ਕੱਟਣ ਤੇ ਇਨ੍ਹਾਂ ਨੂੰ ਜ਼ਬਤ ਕਰਨ।

LEAVE A REPLY

Please enter your comment!
Please enter your name here