ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਪ੍ਰੀਖਿਆ ਦੇ ਪੈਟਰਨ ‘ਚ ਬਦਲਾਅ ਕੀਤਾ ਹੈ। ਇਹ ਬਦਲਾਅ ਦੋ ਵਿਸ਼ਿਆਂ ਸਰੀਰਕ ਸਿੱਖਿਆ ਅਤੇ ਖੇਡਾਂ ਵਿੱਚ ਕੀਤਾ ਗਿਆ ਹੈ, ਪ੍ਰੈਕਟੀਕਲ ਦੇ ਅੰਕ ਵੱਧ ਅਤੇ ਲਿਖਤੀ ਪ੍ਰੀਖਿਆ ਦੇ ਅੰਕ ਘੱਟ ਹੁੰਦੇ ਸਨ। ਹੁਣ ਇਨ੍ਹਾਂ ਨੂੰ ਉਲਟਾ ਕਰ ਦਿੱਤਾ ਗਿਆ ਹੈ। ਹੁਣ ਲਿਖਤੀ ਪ੍ਰੀਖਿਆ ਦੇ ਅੰਕ ਵੱਧ ਅਤੇ ਪ੍ਰੈਕਟੀਕਲ ਦੇ ਅੰਕ ਘੱਟ ਹੋਣਗੇ।
ਸਿੱਖਿਆ ਬੋਰਡ ਦੇ ਇਸ ਫੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਜੋ ਪੜ੍ਹਨ-ਲਿਖਣ ਵਿੱਚ ਚੰਗੇ ਹੋਣ ਦੇ ਨਾਲ-ਨਾਲ ਲਿਖਤੀ ਪ੍ਰੀਖਿਆ ਪੂਰੀ ਲਗਨ ਨਾਲ ਦਿੰਦੇ ਸਨ ਪਰ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਦੌਰਾਨ ਮੈਦਾਨ ’ਤੇ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ ਸਨ।
ਇਸ ਨਾਲ ਉਨ੍ਹਾਂ ਦੇ ਪ੍ਰੈਕਟੀਕਲ ਅੰਕ ਘੱਟ ਜਾਂਦੇ ਸਨ ਅਤੇ ਸਮੁੱਚੀ ਪ੍ਰਤੀਸ਼ਤਤਾ ਵੀ ਪ੍ਰਭਾਵਿਤ ਹੁੰਦੀ ਸੀ।ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਨਵੇਂ ਪੈਟਰਨ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਦੋਵਾਂ ਵਿਸ਼ਿਆਂ ਦੇ ਅੰਕਾਂ ਦੀ ਵੰਡ ਨੂੰ ਬਦਲ ਦਿੱਤਾ ਹੈ। ਹੁਣ ਦੋਵੇਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਦੇ ਅੰਕ ਪ੍ਰੈਕਟੀਕਲ ਵਿਸ਼ੇ ਨਾਲੋਂ ਵੱਧ ਹੋਣਗੇ। PSEB ਨੇ ਇਸ ਸਬੰਧੀ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ।