ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਨਸ਼ੀਲੇ ਪਦਾਰਥਾਂ ਸਮੇਤ 1 ਵਿਅਕਤੀ ਕੀਤਾ ਕਾਬੂ
ਪੰਜਾਬ ਵਿੱਚ ਨਿਤ ਦਿਨ ਨਸ਼ਾ ਵੱਧਦਾ ਜਾ ਰਿਹਾ ਹੈ | ਪੁਲਿਸ ਵੱਲੋਂ ਵੀ ਨਸ਼ਾ ਤਸਕਰਾਂ ‘ਤੇ ਕਾਬੂ ਦੀ ਪੂਰੀ ਕੋਸ਼ਿਸ਼ ਜਾਰੀ ਹੈ ਇਸੇ ਦੇ ਚੱਲਦਿਆਂ ਹੁਣ ਬਰਨਾਲਾ ਪੁਲਿਸ ਨੇ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਵੇਚਣ ਵਾਲੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਰੰਗੇ ਹੱਥ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਇਹ ਮਾਮਲਾ ਬਰਨਾਲਾ ਦੇ ਪਿੰਡ ਧੌਲਾ ਦਾ ਹੈ, ਜਿੱਥੇ ਪੁਲਿਸ ਨੇ ਰਵੀ ਮੈਡੀਕੋਜ਼ ਨਾਮ ਦੀ ਦੁਕਾਨ ‘ਤੇ ਕਾਰਵਾਈ ਕੀਤੀ ਹੈ ਅਤੇ ਮੈਡੀਕਲ ਸਟੋਰ ਦੇ ਮਾਲਕ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਹੈ। ਮੈਡੀਕਲ ਸਟੋਰ ਤੋਂ 1239 ਨਸ਼ੇ ਦੀਆਂ ਗੋਲੀਆਂ ਅਤੇ 4260 ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮੈਡੀਕਲ ਸਟੋਰ ਦੇ ਮਾਲਕ ਵਿਰੁੱਧ ਕੇਸ ਦਰਜ ਕੀਤਾ ਹੈ।
ਨਸ਼ੇ ਦੀਆਂ ਗੋਲੀਆਂ ਬਰਾਮਦ
ਇਸ ਸਬੰਧੀ ਬਰਨਾਲਾ ਪੁਲਿਸ ਦੇ ਐਸਪੀ.ਡੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਬਰਨਾਲਾ ਦੀ ਅਗਵਾਈ ਵਿੱਚ ਨਸ਼ਾ ਵਿਰੋਧੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਇਸ ਮੁਹਿੰਮ ਦੇ ਤਹਿਤ ਬਰਨਾਲਾ ਦੇ ਥਾਣਾ ਰੂੜੇਕੇ ਕਲਾਂ ਅਧੀਨ ਪੈਂਦੇ ਪਿੰਡ ਧੌਲਾ ਵਿਖੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ ਪੁਲਿਸ ਨੂੰ ਇੱਕ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪਿੰਡ ਧੌਲਾ ‘ਚ ਰਵੀ ਮੈਡੀਕੋਜ਼ ਨਾਮ ਦੀ ਦੁਕਾਨ ਕਾਫ਼ੀ ਐਕਟਿਵ ਚੱਲ ਰਹੀ ਸੀ, ਜਿੱਥੇ ਡੀਐਸਪੀ ਗੁਰਵਿੰਦਰ ਸਿੰਘ ਅਤੇ ਐਸਐਚਓ ਸਰੀਫ਼ ਖ਼ਾਨ ਦੀ ਅਗਵਾਈ ਵਿੱਚ ਐਕਸ਼ਨ ਟੀਮ ਬਣਾ ਕੇ ਰਵੀ ਮੈਡੀਕੋਜ਼ ਸਟੋਰ ਦੇ ਮਾਲਕ ਰਵੀ ਤੋਂ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ : Beer ਦੇ ਸ਼ੌਕੀਨਾਂ ਨੂੰ ਸਰਕਾਰ ਦਾ ਵੱਡਾ ਝਟਕਾ, ਇੱਕ ਬੋਤਲ ‘ਤੇ ਹੋਵੇਗਾ 45 ਰੁਪਏ ਤਕ ਵਾਧਾ
ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਡੀਕਲ ਸਟੋਰ ਤੋਂ 1239 ਨਸ਼ੀਲੀਆ ਗੋਲੀਆਂ ਅਤੇ 4260 ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਗਏ ਹਨ ਜਦਕਿ ਨਸ਼ੇ ਦੀ ਵਿਕਰੀ ‘ਤੇ ਪਾਬੰਦੀ ਹੈ। ਇਸ ਸਬੰਧੀ ਪੁਲਿਸ ਨੇ ਦੁਕਾਨ ਮਾਲਕ ‘ਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਮੈਡੀਕਲ ਸਟੋਰ ਦੇ ਮਾਲਕ ‘ਤੇ ਪਹਿਲਾਂ ਵੀ ਤਪਾ ਮੰਡੀ ਦੇ ਪੁਲਿਸ ਥਾਣੇ ਵਿੱਚ ਕੇਸ ਦਰਜ ਹੈ।
ਹੋਰਨਾਂ ਲੋਕਾਂ ਨੂੰ ਵੀ ਕਰ ਲਿਆ ਜਾਵੇਗਾ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ, ਇਹ ਵਿਅਕਤੀ ਨਸ਼ੇ ਦੇ ਪਦਾਰਥ ਖ਼ਰੀਦਣ ਤੋਂ ਬਾਅਦ ਕਈ ਗੁਣਾ ਮਹਿੰਗੇ ਭਾਅ ‘ਤੇ ਵੇਚ ਰਿਹਾ ਸੀ। ਇਸ ਮਾਮਲੇ ਦੀ ਪੁਲਿਸ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸਦੇ ਫਾਰਵਰਡ ਅਤੇ ਬੈਕਵਾਰਡ ਲਿੰਕ ਲੱਭੇ ਜਾ ਰਹੇ ਹਨ। ਇਸ ਦੌਰਾਨ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਦੇ ਪਦਾਰਥ ਵੇਚ ਰਿਹਾ ਸੀ। ਇਸ ਦੀ ਸਪਲਾਈ ਕਰਨ ਵਾਲੇ ਬੈਕਵਾਰਡ ਲਿੰਕ ਨੇੜੇ ਪੁਲਿਸ ਪਹੁੰਚ ਗਈ ਹੈ ਅਤੇ ਜਲਦ ਹੀ ਇਸ ‘ਚ ਸ਼ਾਮਲ ਹੋਰਨਾਂ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।