ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਸਰਕਾਰ (Punjab Government) ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਵਿਚ 3100 ਪੇਂਡੂ ਖੇਡ ਮੈਦਾਨ(Rural playground) ਵਿਕਸਤ ਕਰਨ ਦੀ ਯੋਜਨਾ ਤੇ ਅਮਲ ਕੀਤਾ ਜਾ ਰਿਹਾ ਹੈ ।
ਕੀ ਉਦੇਸ਼ ਹੈ ਸਰਕਾਰ ਦਾ ਪੇਂਡੂ ਖੇਡ ਮੈਦਾਨਾਂ ਨੂੰ ਵਿਕਸਤ ਕਰਨ ਦਾ
ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ (Cabinet Minister Tarunpreet Singh Saund) ਨੇ ਸੂਬੇ ਵਿੱਚ ਬਣਾਏ ਜਾ ਰਹੇ ਪੇਂਡੂ ਖੇਡ ਮੈਦਾਨਾਂ ਸਬੰਧੀ ਸਰਕਾਰ ਦੇ ਸਖ਼ਤ ਰੁਖ਼ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਸੂਬੇ ਭਰ ਵਿੱਚ 3,100 ਪੇਂਡੂ ਖੇਡ ਮੈਦਾਨ ਵਿਕਸਤ ਕਰ ਰਹੀ ਹੈ, ਜਿਸਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨੂੰ ਅਪਣਾਉਣ ਅਤੇ ਨਸ਼ਿਆਂ ਦੀ ਦਲਦਲ ਤੋਂ ਮੁਕਤ ਹੋਣ ਲਈ ਪ੍ਰੇਰਿਤ ਕਰਨਾ ਹੈ ।
ਪਾਰਦਰਸ਼ਤਾ ਲਈ ਕੀਤੇ ਗਏ ਹਨ ਤਿੰਨ ਵਿਸ਼ੇਸ਼ ਫਲਾਇੰਗ ਸਕੁਆਡ ਤਾਇਨਾਤ
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਇਸ ਪ੍ਰੋਜੈਕਟ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਤਿੰਨ ਵਿਸ਼ੇਸ਼ ਫਲਾਇੰਗ ਸਕੁਐਡ (Three special flying squads) ਤਾਇਨਾਤ ਕੀਤੇ ਹਨ । ਇਹ ਸਕੁਐਡ ਸਰਕਾਰ ਦੀਆਂ “ਅੱਖਾਂ ਅਤੇ ਕੰਨਾਂ” ਵਜੋਂ ਕੰਮ ਕਰਨਗੇ, ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਜ਼ਮੀਨੀ ਨਿਰੀਖਣ ਕਰਨਗੇ ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਕਾਗਜ਼ੀ ਕਾਰਵਾਈ ਹੀ ਕਾਫ਼ੀ ਨਹੀਂ ਹੋਵੇਗੀ; ਜ਼ਮੀਨੀ ਕੰਮ ਦੀ ਗੁਣਵੱਤਾ ਜ਼ਰੂਰੀ ਹੈ । ਉਨ੍ਹਾਂ ਅੱਗੇ ਕਿਹਾ ਕਿ ਖੇਡ ਮੈਦਾਨਾਂ ਦੀ ਜ਼ਮੀਨੀ ਰਿਪੋਰਟਿੰਗ ਲਈ ਇੱਕ ਐਮ. ਆਈ. ਐਸ. ਪੋਰਟਲ ਵਿਕਸਤ ਕੀਤਾ ਗਿਆ ਹੈ, ਜਿੱਥੇ ਸਬੰਧਤ ਅਧਿਕਾਰੀ ਨੂੰ ਹਰ 15 ਦਿਨਾਂ ਵਿੱਚ ਵਿਕਾਸ ਕਾਰਜਾਂ ਦੀਆਂ ਫੋਟੋਆਂ ਅਤੇ ਜੀਓ-ਟੈਗਿੰਗ ਵਾਲੀ ਰਿਪੋਰਟ ਪੇਸ਼ ਕਰਨੀ ਪਵੇਗੀ ।
ਲਾਪ੍ਰਵਾਹੀ ਪਾਏ ਜਾਣ ਤੇ ਕੀਤੀ ਜਾਵੇਗੀ ਤੁਰੰਤ ਕਾਰਵਾਈ
ਪ੍ਰਣਾਲੀਗਤ ਸੁਧਾਰ ਲਈ ਸਖ਼ਤ ਸੰਦੇਸ਼ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਗਲਤ ਰਿਪੋਰਟਿੰਗ ਜਾਂ ਲਾਪਰਵਾਹੀ ਪਾਈ ਗਈ, ਤੁਰੰਤ ਕਾਰਵਾਈ ਕੀਤੀ ਗਈ । ਕਈ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਵੀ ਰਾਜਨੀਤਿਕ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
ਸੌਂਦ ਨੇ ਕਿਹਾ ਕਿ ਪੰਜਾਬ ਭਰ ਵਿੱਚ ਇੱਕਸਾਰ ਤਕਨੀਕੀ ਮਾਪਦੰਡ ਲਾਗੂ ਕੀਤੇ ਗਏ ਹਨ। ਕੰਮ ਦੀ ਨਿਗਰਾਨੀ ਲਈ ਤੀਜੀ-ਧਿਰ ਤਕਨੀਕੀ-ਵਿੱਤੀ ਆਡਿਟ ਦੀ ਵਰਤੋਂ ਕੀਤੀ ਜਾ ਰਹੀ ਹੈ । ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਫੰਡਾਂ ਦੇ ਹਰ ਪੈਸੇ ਦਾ ਹਿਸਾਬ ਲਗਾਇਆ ਜਾ ਰਿਹਾ ਹੈ ਤਾਂ ਜੋ ਪੇਂਡੂ ਪੰਜਾਬ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮਿਲ ਸਕੇ ।
ਸਮੁੱਚੇ ਅਦਾਰੇ ਇਸ ਪ੍ਰਾਜੈਕਟ ਵਿਚ ਸਿਰਫ਼ ਦਰਸ਼ਕ ਨਹੀਂ ਹਨ ਸਗੋਂ ਭਾਈਵਾਲ ਹਨ
ਉਨ੍ਹਾਂ ਅੱਗੇ ਕਿਹਾ ਕਿ ਇਸ ਪਹਿਲਕਦਮੀ ਵਿੱਚ ਸਰਪੰਚ, ਗ੍ਰਾਮ ਪੰਚਾਇਤਾਂ ਅਤੇ ਸਥਾਨਕ ਖੇਡ ਕਲੱਬਾਂ ਨੂੰ ਵੀ ਮਹੱਤਵਪੂਰਨ ਹਿੱਸੇਦਾਰ ਬਣਾਇਆ ਗਿਆ ਹੈ । ਮੰਤਰੀ ਨੇ ਕਿਹਾ ਕਿ ਇਹ ਸਾਰੇ ਅਦਾਰੇ ਇਸ ਪ੍ਰੋਜੈਕਟ ਵਿੱਚ ਸਿਰਫ਼ ਦਰਸ਼ਕ ਨਹੀਂ ਹਨ, ਸਗੋਂ ਭਾਈਵਾਲ ਹਨ ਜੋ ਪਿੰਡਾਂ ਦੇ ਵਿਕਾਸ ਦੀ ਨਿਗਰਾਨੀ ਕਰਨਗੇ ।
ਵਿਰੋਧੀ ਧਿਰ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਵਿੱਚ ਸੌਂਦ ਨੇ ਕਿਹਾ ਕਿ ਇਮਾਨਦਾਰ ਅਧਿਕਾਰੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ । ਸਿਰਫ਼ ਗਲਤ ਰਿਪੋਰਟਿੰਗ ਜਾਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਲੋਕਾਂ ਨੂੰ ਹੀ ਸਜ਼ਾ ਮਿਲੇਗੀ । ਅਸੀਂ ਜਵਾਬਦੇਹੀ ਨੂੰ ਪ੍ਰਣਾਲੀਗਤ ਬਣਾਇਆ ਹੈ, ਵਿਅਕਤੀਗਤ ਨਹੀਂ । ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਭਵਿੱਖ ਅਤੇ ਜਨਤਕ ਫੰਡਾਂ ਦੀ ਸੁਰੱਖਿਆ ਲਈ ਵਚਨਬੱਧ ਹੈ । ਇਹ ਨਵਾਂ ਪੰਜਾਬ ਹੈ, ਜਿੱਥੇ ਖੇਡ ਮੈਦਾਨ ਬਣਾਏ ਜਾਣਗੇ ਅਤੇ ਉਨ੍ਹਾਂ ਦੇ ਹਰ ਇੰਚ ਦੀ ਨਿਗਰਾਨੀ ਕੀਤੀ ਜਾਵੇਗੀ ।
Read More : ਵੀ.ਬੀ.-ਜੀ ਰਾਮ ਜੀ ਸਕੀਮ ਮਨਰੇਗਾ ਮਜ਼ਦੂਰਾਂ ਤੇ ਸੰਘੀ ਢਾਂਚੇ `ਤੇ ਸਿੱਧਾ ਹਮਲਾ : ਸੌਂਦ









