ਪ੍ਰਿੰਸੀਪਲ ਸਰਵਣ ਸਿੰਘ ਦਾ ਵਿਨੇਸ਼ ਫੋਗਾਟ ਲਈ ਵੱਡਾ ਐਲਾਨ || Sports News

0
143
Principal Sarwan Singh's big announcement for Vinesh Phogat

ਪ੍ਰਿੰਸੀਪਲ ਸਰਵਣ ਸਿੰਘ ਦਾ ਵਿਨੇਸ਼ ਫੋਗਾਟ ਲਈ ਵੱਡਾ ਐਲਾਨ

ਪੈਰਿਸ ਓਲੰਪਿਕ ਵਿੱਚ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕਈ ਖੇਡ ਪ੍ਰੇਮੀ ਅੱਗੇ ਆਏ ਤੇ ਉਨ੍ਹਾਂ ਨੇ ਵਿਨੇਸ਼ ਦੀ ਹੌਸਲਾ ਅਫਜ਼ਾਈ ਕੀਤੀ | ਇਸੇ ਦੇ ਵਿਚਕਾਰ ਪੰਜਾਬ ਦੇ ਖੇਡ ਜਗਤ ਦੇ ਉੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ ‘ਖ਼ੇਡ ਰਤਨ ਪੁਰਸਕਾਰ’ ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ ਕੀਤਾ ਹੈ।

ਭਾਰਤ ਦੇ ਕਰੋੜਾਂ ਲੋਕਾਂ ਵੱਲੋਂ ਕੀਤਾ ਜਾਵੇਗਾ ਸਨਮਾਨ

ਪ੍ਰਿੰਸੀਪਲ ਸਰਵਣ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ- ਭਾਰਤੀ ਕੁਸ਼ਤੀ ਦਾ ਮਾਣ, ਖ਼ਾਸ ਕਰਕੇ ਔਰਤਾਂ ਦੀ ਆਣ ਅਣਖ ਦੀ ਸ਼ਾਨ ਬੀਬੀ ਵਿਨੇਸ਼ ਫੋਗਟ ਦਾ ਸਨਮਾਨ ਭਾਰਤ ਦੇ ਕਰੋੜਾਂ ਲੋਕਾਂ ਵੱਲੋਂ ਹਰ ਹਾਲਤ ਵਿੱਚ ਕੀਤਾ ਜਾਵੇਗਾ। ਸਾਧਾਰਨ ਘਰ ਦੀ ਜਾਈ ਸਾਡੀ ਧੀ ਨੇ ਕੁਸ਼ਤੀਆਂ ਤੇ ਔਰਤਾਂ ਦੀ ਪੱਤ ਦੀ ਰਾਖੀ ਲਈ ਜੋ ਸੰਘਰਸ਼ ਲੜਿਆ ਹੈ, ਉਹ ਕਰੋੜਾਂ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਹੈ। ਅਸੀਂ ਲੇਖਕ ਲੋਕ ਕਲਮਾਂ ਨਾਲ ਉਸ ਸੰਘਰਸ਼ ਦਾ ਭਾਗ ਬਣਨ ਵਾਲੇ ਹਾਂ।

ਨਹੀਂ ਮਿਲਿਆ ਕੋਈ ਓਲੰਪਿਕ ਮੈਡਲ

ਸਾਡੇ ਦੇਸ਼ ਦੀ ਇਸ ਧੀ ਨੇ ਬੜਾ ਜਫ਼ਰ ਜਾਲ ਕੇ ਰਾਸ਼ਟਰੀ, ਅੰਤਰਰਾਸ਼ਟਰੀ, ਏਸ਼ਿਆਈ ਖੇਡਾਂ ਤੇ ਕਾਮਨਵੈਲਥ ਖੇਡਾਂ ਵਿੱਚੋਂ ਤਾਂ ਬੜੇ ਮੈਡਲ ਜਿੱਤੇ ਸਨ। ਅੰਤਾਂ ਦੀ ਮਿਹਨਤ ਕਰ ਕੇ, ਸਿਦਕ ਪਾਲ ਕੇ, ਜਰਵਾਣੇ ਖੇਡ ਸਿਆਸਤਦਾਨਾਂ ਵਿਰੁੱਧ ਲੜ ਕੇ, ਦੁੱਖੜੇ ਝੱਲ ਕੇ, ਉਹ ਪੈਰਿਸ ਦੀਆਂ ਓਲੰਪਿਕ ਖੇਡਾਂ ਵਿੱਚ ਵੀ ਪਹੁੰਚ ਗਈ ਸੀ। ਪ੍ਰੀ ਕੁਆਟਰ, ਕੁਆਟਰ ਫਾਈਨਲ ਤੇ ਸੈਮੀ ਫਾਈਨਲ ਮੁਕਾਬਲੇ ਜਿੱਤ ਕੇ ਸੋਨੇ/ਚਾਂਦੀ ਦਾ ਮੈਡਲ ਗਲ ਪੁਆਉਣ ਲਈ ਵੀ ਕੁਆਲੀਫਾਈ ਕਰ ਗਈ ਸੀ ਪਰ ਅਜੇ ਤਕ ਉਸ ਨੂੰ ਕੋਈ ਓਲੰਪਿਕ ਮੈਡਲ ਨਹੀਂ ਮਿਲਿਆ।

13 ਅਗਸਤ ਨੂੰ ਸੁਣਾਇਆ ਜਾਣਾ ਫੈਸਲਾ

50 ਕਿਲੋ ਤੋਂ ਘੱਟ ਸਰੀਰਕ ਵਜ਼ਨ ਨਾਲ ਸੈਮੀ ਫਾਈਨਲ ਕੁਸ਼ਤੀ ਜਿੱਤ ਕੇ ਉਹ ਘੱਟੋ-ਘੱਟ ਚਾਂਦੀ ਦਾ ਓਲੰਪਿਕ ਮੈਡਲ ਤਾਂ ਜਿੱਤ ਹੀ ਗਈ ਸੀ। ਪਰ ਕੇਸ ਅਜੇ ਕੋਰਟ ਵਿੱਚ ਹੈ ਜਿਸ ਦਾ ਫੈਸਲਾ 13 ਅਗਸਤ ਨੂੰ ਸੁਣਾਇਆ ਜਾਣਾ ਹੈ। ਓਲੰਪਿਕ ਖੇਡਾਂ ਦਾ ਮੇਲਾ ਮੁੱਕ ਚੁੱਕੈ। ਮੈਡਲ ਵੰਡੇ ਜਾ ਚੁੱਕੇ ਨੇ। ਹੁਣ ‘ਮਹਾਨ’ ਦੇਸ਼ ਦੀ ਮਹਾਨ ਧੀ ਵਿਨੇਸ਼ ਫੋਗਟ ਨੂੰ, ਜੋ ਦੇਸ਼ ਦੀ ਇੱਜ਼ਤ, ਅਣਖ ਅਤੇ ਸ਼ਾਨ ਲਈ ਜੂਝੀ ਹੈ, ਉਸ ਨੂੰ ਦੇਸ਼ ਦੇ ਕਰੋੜਾਂ ਲੋਕ ‘ਮਹਾਨ ਲੋਕ ਸਨਮਾਨ’ ਨਾਲ ਸਨਮਾਨਿਤ ਕਰਨਗੇ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਦਿੱਤੀ ਰਾਹਤ ,ਅੰਤਰਿਮ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਅਸੀਂ ਤੈਨੂੰ ਹਾਰੀ ਨਹੀਂ, ਜਿੱਤੀ ਮੰਨਦੇ ਹਾਂ

ਖੇਡ ਲੇਖਣ ਤੇ ਖੇਡ ਪ੍ਰਮੋਸ਼ਨ ਨਮਿੱਤ ਮੇਰੀਆਂ ਉਮਰ ਭਰ ਦੀਆਂ ਤੁੱਛ ਸੇਵਾਵਾਂ ਲਈ ਖੇਡ ਪ੍ਰੇਮੀਆਂ ਨੇ ਮੈਨੂੰ 2023 ਦੇ ‘ਪੁਰੇਵਾਲ ਖੇਡ ਮੇਲੇ’ ਵਿੱਚ ‘ਖੇਡ ਰਤਨ’ ਪੁਰਸਕਾਰ ਨਾਲ ਸਨਮਾਨਿਆ ਸੀ। ਉਸ ਪੁਰਸਕਾਰ ਵਿੱਚ ਸ਼ੁਧ ਸੋਨੇ ਦਾ ਇੱਕ ਮੈਡਲ ਵੀ ਸੀ। ਦੇਸ਼ ਦੀ ਜੁਝਾਰੂ ਧੀ ਵਿਨੇਸ਼ ਦੇ ਸਿਰ `ਤੇ ਹੱਥ ਰੱਖਦਾ, ਉਸ ਨੂੰ ਧਰਵਾਸ ਦਿੰਦਾ ਮੈਂ ਆਪਣਾ ‘ਖੇਡ ਰਤਨ’ ਦਾ ਮੈਡਲ ਉਸ ਦੀ ਝੋਲੀ ਪਾ ਰਿਹਾਂ। ਮੈਨੂੰ ਆਸ ਹੈ ‘ਲੋਕ ਸਨਮਾਨ’ ਦੇਣ ਵਾਲੇ ਸੱਜਣ ਅਤੇ ਸਾਡੀ ਬਹਾਦਰ ਬੀਬੀ ਵਿਨੇਸ਼ ਮੇਰੀ ਤਿੱਲ਼-ਫੁੱਲ ਜਹੀ ਭੇਟਾ ਪਰਵਾਨ ਕਰ ਲੈਣਗੇ। ਕਰੋੜਾਂ ਲੋਕਾਂ ਦੀ ਮਨੋਕਾਮਨਾ ਹੈ ਕਿ ‘ਚੈਂਪੀਅਨਾਂ ਦੀ ਚੈਂਪੀਅਨ’ ਵਿਨੇਸ਼ ਹਾਲੇ ਕੁਸ਼ਤੀਆਂ ਲੜਨੀਆਂ ਨਾ ਛੱਡੇ ਅਤੇ ਅਗਲੀਆਂ ਓਲੰਪਿਕ ਖੇਡਾਂ ਤੱਕ ਮੈਡਲ ਜਿੱਤਣ ਲਈ ਜੂਝਦੀ ਰਹੇ। ਧੀਏ! ਅਸੀਂ ਤੈਨੂੰ ਹਾਰੀ ਨਹੀਂ, ਅਸੀਂ ਤੈਨੂੰ ਜਿੱਤੀ ਮੰਨਦੇ ਹਾਂ।

 

 

 

 

 

LEAVE A REPLY

Please enter your comment!
Please enter your name here