ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਨਾਲ ਲੱਗਪਗ 7 ਮਹੀਨਿਆਂ ਤੋਂ ਜਾਰੀ ਜੰਗ ਦੌਰਾਨ ਆਪਣੇ ਦੇਸ਼ ਵਿੱਚ ਜਵਾਨਾਂ ਦੀ ਅੰਸ਼ਿਕ ਤਾਇਨਾਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਪੱਛਮ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਰੂਸ ਆਪਣੇ ਇਲਾਕੇ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕੇਗਾ ਅਤੇ ਇਹ ਕੋਈ ‘ਲਿਫਾਫੇਬਾਜ਼ੀ’ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ 3 ਲੱਖ ਜਵਾਨਾਂ ਦੀ ਅੰਸ਼ਿਕ ਤਾਇਨਾਤੀ ਦੀ ਯੋਜਨਾ ਬਣਾਈ ਗਈ ਹੈ। ਰੂਸ ਦੇ ਰਾਸ਼ਟਰਪਤੀ ਨੇ ਟੀਵੀ ਦੇ ਮਾਧਿਅਮ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਦੇ ਇਸ ਐਲਾਨ ਤੋਂ ਇੱਕ ਦਿਨ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਰੂਸ ਦੇ ਕਬਜ਼ੇ ਵਾਲੇ ਪੂਰਬੀ ਤੇ ਦੱਖਣੀ ਯੂਕਰੇਨ ਦੇ ਹਿੱਸੇ ਰੂਸ ਵਿੱਚ ਸ਼ਾਮਲ ਹੋਣ ਲਈ ਰਾਇਸ਼ੁਮਾਰੀ ਕਰਵਾਉਣੀ ਯੋਜਨਾ ਬਣਾ ਰਹੇ ਹਨ। ਪੂਤਿਨ ਨੇ ਪੱਛਮੀ ਦੇਸ਼ਾਂ ’ਤੇ ‘‘ਪ੍ਰਮਾਣੂ ਬਲੈਕਮੇਲਿੰਗ’’ ਕਰਨ ਦਾ ਦੋਸ਼ ਲਾਇਆ ਅਤੇ ਨਾਲ ਹੀ ‘‘ਰੂਸ ਖ਼ਿਲਾਫ਼ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਸਬੰਧੀ ਨਾਟੋ ਦੇਸ਼ਾਂ ਦੇ ਉੱਚ ਪ੍ਰਤੀਨਿਧੀਆਂ ਦੇ ਬਿਆਨਾਂ’’ ਦਾ ਹਵਾਲਾ ਵੀ ਦਿੱਤਾ।