ਅੱਜ ਭਾਰਤੀ ਹਵਾਈ ਸੈਨਾ ਦਾ 90ਵਾਂ ਸਥਾਪਨਾ ਦਿਵਸ ਹੈ। ਇਸ ਮੌਕੇ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਹਵਾਈ ਸੈਨਾ ਦੇ ਜਵਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮੌਜੂਦਗੀ ਵਿੱਚ ਸ਼ਾਨਦਾਰ ਕਾਰਨਾਮੇ ਦਿਖਾਉਣਗੇ। ਏਅਰ-ਸ਼ੋਅ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਇਸ ਮੌਕੇ ਝੀਲ ‘ਤੇ 30 ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਰਿਹਰਸਲ ਲਈ ਹਜ਼ਾਰਾਂ ਲੋਕ ਝੀਲ ‘ਤੇ ਇਕੱਠੇ ਹੋਏ ਸਨ।
ਹਵਾਈ ਸੈਨਾ ਵੱਲੋਂ ਅੱਜ ਆਪਣੇ ਜਵਾਨਾਂ ਲਈ ਨਵੀਂ ਲੜਾਕੂ ਵਰਦੀ ਵੀ ਲਾਂਚ ਕੀਤੀ ਜਾਵੇਗੀ। ਰਾਫੇਲ, ਸੁਖੋਈ, ਮਿਗ, ਪ੍ਰਚੰਡ, ਮਿਰਾਜ, ਚੇਤਕ, ਚੀਤਾ, ਚਿਨੁਕ ਤੇ ਰੁਦਰ ਵਰਗੇ 80 ਤੋਂ ਵੱਧ ਜਹਾਜ਼ ਸੁਖਨਾ ਲੇਕ ਦੇ ਉੱਪਰ ਅਸਮਾਨ ਵਿੱਚ ਉੱਡਣਗੇ। ਏਅਰਫੋਰਸ ਡੇਅ ‘ਤੇ ਹੋਣ ਵਾਲੇ ਇਸ ਸ਼ੋਅ ਦੌਰਾਨ ਭਾਰਤੀ ਤਿਰੰਗੇ ਨੂੰ ਕੇਂਦਰ ‘ਚ ਰੱਖ ਕੇ ਕੁਝ ਫਾਰਮੇਸ਼ਨ ਬਣਾਏ ਜਾਣਗੇ ਤਾਂ ਜੋ ਦਰਸ਼ਕਾਂ ‘ਚ ਏਅਰਫੋਰਸ ਦੀ ਦੇਸ਼ ਭਗਤੀ ਅਤੇ ਸ਼ਕਤੀ ਦਿਖਾਈ ਜਾ ਸਕੇ। ਅੱਜ ਸ਼ੋਅ ਦੇ ਅੰਤਿਮ ਦਿਨ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ, ਰਾਜਪਾਲ ਅਤੇ ਹੋਰ ਕਈ ਵੀਵੀਆਈਪੀ ਮਹਿਮਾਨ ਇਸ ਸ਼ੋਅ ਵਿੱਚ ਪਹੁੰਚ ਸਕਦੇ ਹਨ। ਚੰਡੀਗੜ੍ਹ ਪੁਲਿਸ ਨੇ ਵੀ.ਵੀ.ਆਈ.ਪੀਜ਼ ਦੇ ਦਾਖ਼ਲੇ ਲਈ ਰਸਤਾ ਬਣਾ ਦਿੱਤਾ ਹੈ। ਰਾਸ਼ਟਰਪਤੀ ਦੇ ਹਵਾਈ ਅੱਡੇ ਤੋਂ ਲੈ ਕੇ ਝੀਲ ਤੱਕ ਪਹੁੰਚਣ ਦੇ ਰਸਤੇ ‘ਤੇ ਸੈਂਕੜੇ ਪੁਲਸ ਕਰਮਚਾਰੀ ਸੁਰੱਖਿਆ ‘ਚ ਤਾਇਨਾਤ ਹਨ।