ਸੀ ਐਮ ਦੀ ਯੋਗਸ਼ਲਾ ਤਹਿਤ ਜਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਦੀ ਅਗਵਾਈ ਹੇਠ ਜਿਲ੍ਹਾ ਆਯੂਰਵੈਦਿਕ ਵਿਭਾਗ ਵਲੋਂ ਗੁਰੂ ਨਾਨਕ ਸਟੇਡਿਅਮ ਵਿਖੇ ਜ਼ਿਲਾ ਪੱਧਰੀ ਗਿਆਰਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।
ਇਸ ਯੋਗ ਦਿਵਸ ਵਿਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਵਿਧਾਇਕ ਡਾ: ਅਜੇ ਗੁਪਤਾ , ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸਨਰ ਮੇਜਰ ਅਮਿਤ ਸਰੀਨ, ਜ਼ਿਲਾ ਆਯੂਰਵੈਦਿਕ ਅਫਸਰ ਡਾ: ਦਿਨੇਸ਼ ਕੁਮਾਰ, ਸਿਵਲ ਸਰਜਨ ਡਾਕਟਰ ਕਿਰਨਦੀਪ ਕੋਰ, ਸੈਮਸਨ ਮਸੀਹ, ਅਰਵਿੰਦਰ ਭੱਟੀ ਤੋ ਇਲਾਵਾ 1500 ਤੋਂ ਵੱਧ ਦੇ ਕਰੀਬ ਸ਼ਹਿਰੀਆਂ ਨੇ ਇਕੱਠੇ ਯੋਗ ਅਭਿਆਸ ਕੀਤਾ। ਇਸ ਸੈਸ਼ਨ ਵਿੱਚ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਕਈ ਆਸਨ ਜਿਵੇਂ ਤਾੜ ਆਸਨ, ਵਰਿਕਸ਼ ਆਸਨ, ਅਰਧ ਚੱਕਰ ਆਸਨ, ਵਕਰ ਆਸਨ, ਵਜਰ ਆਸਨ, ਊਸ਼ਟਰ ਆਸਨ, ਪਵਨ ਮੁਕਤ ਆਸਨ ਆਦਿ ਕਈ ਆਸਨ ਕਰਵਾਉਣ ਉਪਰੰਤ ਪ੍ਰਾਣਾਯਾਮ ਅਤੇ ਧਿਆਨ ਕਰਵਾਇਆ ਗਿਆ।
ਯੋਗਾ ਦਿਵਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਕਿਹਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਲਈ ਰੋਜ਼ਾਨਾ ਯੋਗ ਅਭਿਆਸ ਕਰਨੇ ਚਾਹੀਦੇ ਹਨ ਤਾਂ ਜੋ ਤੰਦਰੁਸਤ ਸਰੀਰ ਅਤੇ ਮਨ ਨਾਲ ਜੀਵਨ ਬਤੀਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਯੋਗ ਨਾਲ ਅਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਸੀ ਐਮ ਯੋਗਸ਼ਾਲਾ ਦੀ ਸ਼ੁਰੂਆਤ ਵੀ ਇਸੇ ਮਕਸਦ ਨਾਲ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ਼ ਕਰਦਿਆ ਕਿਹਾ ਕਿ ਉਹ ਜੰਕ ਫੂਡ ਤੋ ਪਰਹੇਜ਼ ਕਰਨ ਤਾਂ ਹੀ ਅਪਣੀ ਸਿਹਤ ਨੂੰ ਠੀਕ ਰਖ ਸਕਦੇ ਹਨ।
ਇਸ ਮੌਕੇ ਵਿਧਾਇਕ ਡਾ: ਅਜੇ ਗੁਪਤਾ ਨੇ ਕਿਹਾ ਕਿ ਯੋਗਾ ਸਾਡੀ ਵਿਰਾਸਤ ਦਾ ਹਿੱਸਾ ਹੈ ਅਤੇ ਅਜੋਕੇ ਜੀਵਨ ਜਾਂਚ ਦੌਰਾਨ ਜਦੋਂ ਕਿ ਸਰੀਰਿਕ ਕੰਮ ਘੱਟ ਗਏ ਹਨ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਡਾ: ਗੁਪਤਾ ਨੇ ਕਿਹਾ ਕਿ ਯੋਗਾ ਇਕ ਸੰਪੂਰਨ ਕਸਰਤ ਹੈ ਜੋ ਕਿ ਸਰੀਰ ਅਤੇ ਆਤਮਾ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗ ਨੂੰ ਰੋਜ਼ਾਨਾ ਆਪਣੀ ਜਿੰਦਗੀ ਦਾ ਹਿੱਸਾ ਬਣਾਓ ਤਾਂ ਜੋ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਕਿਹਾ ਕਿ ਯੋਗਾ ਨਾਲ ਜੁੜਣ ਲਈ ਜ਼ਿਲ੍ਹਾ ਵਾਸੀ ਸੀ ਐਮ ਯੋਗਸਾਲਾ ਦੀ ਮਦਦ ਲੈਣ। ਉਨ੍ਹਾਂ ਦਸਿਆ ਕਿ ਲੋਕਾਂ ਨੂੰ ਯੋਗਾ ਸਿਖਾਉਣ ਲਈ 25 ਯੋਗ ਟਰੇਨਰ ਅਤੇ 44 ਡਿਪਲੋਮਾ ਵਿਦਿਆਰਥੀ ਨਿਯੁਕਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀਐਮ ਯੋਗਸ਼ਾਲਾ ਤਹਿਤ 250 ਜਨਤਕ ਥਾਵਾਂ ’ਤੇ ਮੁਫ਼ਤ ਵਿੱਚ ਯੋਗਾ ਦੀ ਸਿਖਲਾਈ ਮਾਹਿਰਾਂ ਵਲੋਂ ਦਿੱਤੀ ਜਾ ਰਹੀ ਹੈ, ਜਿਥੇ ਲਗਭਗ 5000 ਤੋ ਵੱਧ ਲੋਕ ਹਿੱਸਾ ਲੈ ਰਹੇ ਹਨ। ਉਨ੍ਹਾ ਕਿਹਾ ਕਿ ਲੋਕ ਯੋਗ ਦੀਆਂ ਕਲਾਸਾਂ ਲਈ ਲੋਕ 76694-00500 ਨੰਬਰ ਤੇ ਮਿਸਡ ਕਾਲ ਕਰਕੇ ਸੀ ਐਮ ਯੋਗਸ਼ਾਲਾ ਨਾਲ ਜੁੜ ਸਕਦੇ ਹਨ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਦਿਹਾਤੀ ਖੇਤਰ ਵਿੱਚ ਵੀ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਨਿਰੋਗ ਬਣਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਨਸੂਨ ਸੀਜਨ ਦੌਰਾਨ ਉਹ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਆਪਣੇ ਵਾਤਾਵਰਣ ਨੂੰ ਸਵੱਛ ਬਣਾਇਆ ਜਾ ਸਕੇ। ਦੱਸਣ ਯੋਗ ਹੈ ਕਿ ਅੱਜ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਉੱਤੇ ਯੋਗ ਦਿਵਸ ਮੌਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ। ਜੋ ਲੋਕ ਆਪਣੇ ਘਰ ਅਤੇ ਹੋਰ ਥਾਵਾਂ ਬੂਟੇ ਲਗਾਉਣਾ ਚਾਹੁੰਦੇ ਸਨ, ਨੂੰ ਮੁਫਤ ਵਿੱਚ ਬੂਟੇ ਦਿੱਤੇ ਗਏ।
ਇਸ ਮੌਕੇ ਮੁੱਖ ਮਹਿਮਾਨ, ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਆਏ ਹੋਏ ਲੋਕਾਂ ਨਾਲ ਖ਼ੁਦ ਵੀ ਯੋਗ ਅਭਿਆਸ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਸਿਹਤ ਮੰਤਰੀ ਪੰਜਾਬ ਅਤੇ ਹੋਰ ਪਤਵੰਤਿਆਂ ਨੂੰ ਬੂਟੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਸੀਐਮ ਯੋਗਸ਼ਾਲਾ ਵਿੱਚ ਵਧੀਆ ਕੰਮ ਕਰਨ ਵਾਲੇ ਯੋਗ ਟਰੇਨਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਯੋਗ ਦਿਵਸ ਵਿਚ ਸਕੂਲੀ ਬੱਚਿਆਂ ਤੋ ਇਲਾਵਾ ਭਾਰਤੀ ਯੋਗ ਸੰਸਥਾਨ ਦੇ ਪ੍ਰਤੀਨਿਧੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਅੰਤਰਰਾਸ਼ਟਰੀ ਯੋਗਾ ਦਿਵਸ ਅੰਮ੍ਰਿਤਸਰ ਦੇ ਬਲਾਕ ਰਾਜਾ ਸਾਂਸੀ, ਜੰਡਿਆਲਾ ਗੁਰੂ, ਅਟਾਰੀ ,ਅਜਨਾਲਾ, ਮਜੀਠਾ ਅਤੇ ਬਲਾਕ ਵੇਰਕਾ ਵਿਖੇ ਵੀ ਮਨਾਇਆ ਗਿਆ, ਜਿੱਥੇ ਲੋਕਾਂ ਨੇ ਯੋਗ ਅਭਿਆਸ ਕੀਤਾ।