ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਗੁਰਹਰਸਹਾਏ ਵਿਖੇ ਆਪਣੇ ਉਮੀਦਵਾਰ ਨੌਨੀ ਮਾਨ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ’ਤੇ ਸ਼ਬਦੀ ਹਮਲੇ ਕੀਤੇ ਉਥੇ ਹੀ ਅਰਵਿੰਦ ਕੇਜਰੀਵਾਲ ’ਤੇ ਵੀ ਤੰਜ ਕੱਸੇ।
ਇਸ ਦੌਰਨ ਸੁਖਬੀਰ ਬਾਦਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਆਉਣ ’ਤੇ ਪਹਿਲੇ ਮਹੀਨੇ ’ਚ ਹੀ ਗੁਰਹਰਸਹਾਏ ਵਿਖੇ ਕੁੜੀਆਂ ਦਾ ਕਾਲਜ ਖੋਲ੍ਹਣ ਦੀ ਮੰਗ ਪੂਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਫ਼ਸਲ ਦਾ ਬੀਮਾ ਕੀਤਾ ਜਾਵੇਗਾ। ਜੇਕਰ ਕਿਸੇ ਦੀ ਇੱਕ ਕਿੱਲੇ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਫ਼ਸਲ ਦਾ 50 ਹਜ਼ਾਰ ਤੱਕ ਦਾ ਬੀਮਾ ਕੀਤਾ ਜਾਵੇਗਾ। ਇਸ ਦੇ ਇਲਾਵਾ ਉਨ੍ਹਾਂ ਬਾਰਡਰ ਦੇ ਇਲਾਕਿਆਂ ’ਤੇ ਸਪੈਸ਼ਲ ਇੰਡਸਟਰੀ ਖੋਲ੍ਹਣ ਦਾ ਵੀ ਐਲਾਨ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਦਾ ਵਿਕਾਸ ਕੀਤਾ ਹੈ ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੇ ਕੀਤਾ ਹੈ ਅਤੇ ਕਾਂਗਰਸ ਸਰਕਾਰ ਸਿਰਫ਼ ਪੈਸਾ ਕਮਾਉਣ ’ਚ ਹੀ ਲੱਗੀ ਹੋਈ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਕੋਲ ਪੈਸੇ ਦੀ ਕਮੀ ਨਹੀਂ ਹੈ ਬਲਕਿ ਨੀਯਤ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਵੀ ਬੇਹੱਦ ਮਾੜੀ ਹੋਈ ਪਈ ਹੈ।
ਸੁਖਬੀਰ ਨੇ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਬਣਨ ’ਤੇ ਸਕੂਲਾਂ ਅਤੇ ਹਸਪਤਾਲਾਂ ਦੀ ਨੁਹਾਰ ਬਦਲੀ ਜਾਵੇਗੀ। ਜਿਹੜੇ ਅਫ਼ਸਰਾਂ ਨੇ ਅਕਾਲੀ ਵਰਕਰਾਂ ’ਤੇ ਝੂਠੇ ਪਰਚੇ ਦਰਜ ਕੀਤੇ ਹਨ, ਉਹ ਅਫ਼ਸਰ ਸਰਕਾਰ ਬਣਨ ’ਤੇ ਜੇਲ੍ਹਾਂ ਅੰਦਰ ਜਾਣਗੇ। ਸੁਖਬੀਰ ਬਾਦਲ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬ ਦੀ ਜਨਤਾ ਤੋਂ ਇਕ ਮੌਕਾ ਮੰਗ ਰਹੇ ਹਨ ਪਰ ਕੀ ਕੇਜਰੀਵਾਲ ਪਿਛਲੇ 5 ਸਾਲਾਂ ’ਚ ਪੰਜਾਬ ਆਏ ਹਨ। ਜੇਕਰ ਕੇਜਰੀਵਾਲ ਨੂੰ ਇਕ ਮੌਕਾ ਦੇ ਦਿੱਤਾ ਤਾਂ ਇਸ ਨੇ ਪੰਜਾਬ ਦਾ ਪਾਣੀ ਵੀ ਲੈ ਜਾਣਾ ਹੈ। ਅਰਵਿੰਦ ਕੇਜਰੀਵਾਲ ਕਹਿੰਦੇ ਕੁੱਝ ਹਨ ਤੇ ਕਰਦੇ ਕੁੱਝ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਚੋਣ ਮੈਦਾਨ ’ਚ ਮੁੱਖ ਮੁਕਾਬਲੇ ਦੇ ਤੌਰ ’ਤੇ 4 ਪਾਰਟੀਆਂ ਮੈਦਾਨ ’ਚ ਹਨ ਪਰ ਚਾਰੋਂ ਪਾਰਟੀਆਂ ਵਿਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜੋ ਪੰਜਾਬ ਦੀ ਹੈ। ਬਾਕੀ ਤਿੰਨੋਂ ਪਾਰਟੀਆਂ ਦੇ ਫ਼ੈਸਲੇ ਤਾਂ ਦਿੱਲੀ ਤੋਂ ਹੁੰਦੇ ਹਨ। ਕੋਰੋਨਾ ਕਾਲ ’ਚ ਲੰਗਰ ਸੇਵਾ ਤੋਂ ਲੈ ਕੇ ਹਸਪਤਾਲ ਖੋਲ੍ਹਣ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੰਮ ਕੀਤਾ ਹੈ।ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਮਾਨ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਬਾਰਡਰਾਂ ਦੀ ਸਮੱਸਿਆ ਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 5 ਸਾਲਾਂ ’ਚ ਕੁਝ ਨਹੀਂ ਕੀਤਾ। ਹੁਣ ਫ਼ੈਸਲਾ ਜਨਤਾ ਨੇ ਕਰਨਾ ਹੈ ਕਿ ਕਿਸ ਨੂੰ ਵੋਟ ਪਾਉਣੀ ਹੈ।