ਉੱਤਰ ਪ੍ਰਦੇਸ਼ ਦੇ ਕਾਰਜਵਾਹਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬਾਈ ਵਿਧਾਨ ਪਰੀਸ਼ਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉੱਤਰ ਪ੍ਰਦੇਸ਼ ਵਿਧਾਨ ਪਰੀਸ਼ਦ ਦੇ ਮੁੱਖ ਸਕੱਤਰ ਰਾਜੇਸ਼ ਸਿੰਘ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿੰਘ ਨੇ ਦੱਸਿਆ ਕਿ ਯੋਗੀ ਆਦਿੱਤਿਆਨਾਥ ਨੇ ਵਿਧਾਨ ਪਰੀਸ਼ਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਇਸ ਦੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਯੋਗੀ ਨੇ ਸੋਮਵਾਰ ਸ਼ਾਮ ਨੂੰ ਵਿਧਾਨ ਪਰੀਸ਼ਦ ਦੇ ਪ੍ਰਧਾਨ ਕੁੰਵਰ ਮਾਨਵੇਂਦਰ ਸਿੰਘ ਨੂੰ ਆਪਣਾ ਅਸਤੀਫ਼ਾ ਭੇਜਿਆ, ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ।
ਦੱਸ ਦੇਈਏ ਕਿ ਹਾਲ ਹੀ ’ਚ ਵਿਧਾਨ ਸਭਾ ਚੋਣਾਂ ’ਚ ਆਪਣੀ ਪਾਰਟੀ ਨੂੰ ਬੰਪਰ ਜਿੱਤ ਦਿਵਾਉਣ ਵਾਲੇ ਯੋਗੀ ਆਦਿੱਤਿਆਨਾਥ ਨੇ ਗੋਰਖਪੁਰ ਸ਼ਹਿਰ ਵਿਧਾਨ ਸਭਾ ਖੇਤਰ ਤੋਂ ਚੋਣ ਲੜੀ ਸੀ ਅਤੇ 1 ਲੱਖ ਤੋਂ ਵਧੇਰੇ ਵੋਟਾਂ ਨਾਲ ਉਹ ਜੇਤੂ ਰਹੇ। ਜਾਣਕਾਰੀ ਅਨੁਸਾਰ ਯੋਗੀ 25 ਮਾਰਚ ਨੂੰ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣਗੇ। ਗੋਰਖਪੁਰ ਤੋਂ 5 ਵਾਰ ਸੰਸਦ ਮੈਂਬਰ ਰਹੇ ਯੋਗੀ ਸਾਲ 2017 ’ਚ ਭਾਜਪਾ ’ਚ ਸੱਤਾ ’ਚ ਆਉਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਬਣੇ ਸਨ ਅਤੇ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਉਨ੍ਹਾਂ ਦੀ ਅਗਵਾਈ ’ਚ ਲੜੀਆਂ ਗਈਆਂ।