ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ ਤੇ ਉਨ੍ਹਾਂ ਦੀ ਪਾਰਟੀ ਨੇ ਚੋਣਾਂ ਦੌਰਾਨ ਜੋ ਵਾਅਦੇ ਪੂਰੇ ਕੀਤੇ ਸਨ ਉਹ ਲਾਗੂ ਹੁੰਦੇ ਨਜ਼ਰ ਆ ਰਹੇ ਹਨ। ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਦੇ ਸਰਜਨ ਅਤੇ ਮੈਡੀਕਲ ਸੁਪਰਡੈਂਟਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਹਸਪਤਾਲ ’ਚ ਸਾਰੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਨਾਲ ਹੀ ਹਸਪਤਾਲਾਂ ਦੇ ਸਟਾਫ਼ ਨੂੰ ਕਿਹਾ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਬਹੁਤ ਹੀ ਨਰਮੀ ਨਾਲ ਪੇਸ਼ ਆਇਆ ਜਾਵੇ ਅਤੇ ਉਨ੍ਹਾਂ ਨਾਲ ਵਧੀਆ ਸਲੂਕ ਕੀਤਾ ਜਾਵੇ।
ਭਗਵੰਤ ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਹਸਪਤਾਲ ਦੇ ਸਾਰੇ ਸਟਾਫ ਅਤੇ ਕਰਮਚਾਰੀ ਵਰਦੀ ’ਚ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਐਪਰਨ ਜਾਂ ਲੈਬ ਕੋਟ ਸਮੇਤ ਨਿਰਧਾਰਤ ਚਿੱਟੇ ਕੋਟ ਪਹਿਨਣੇ ਹੋਣਗੇ ਤੇ ਹਰੇਕ ਸਟਾਫ ਮੈਂਬਰ ਕੋਲ ਸ਼ਨਾਖਤ ਕਾਰਡ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਸਾਰਾ ਸਟਾਫ ਡਾਕਟਰਾਂ ਸਮੇਤ ਡਿਊਟੀ ਦਾ ਪਾਬੰਦ ਹੋਣਾ ਚਾਹੀਦਾ ਹੈ, ਜੇਕਰ ਕੋਈ ਵੀ ਡਿਊਟੀ ਦੌਰਾਨ ਗੈਰ ਹਾਜ਼ਰ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਹਸਪਤਾਲ ’ਚ ਸਫ਼ਾਈ ਦਾ ਖ਼ਾਸ ਧਿਆਨ ਦੇਣ ਨੂੰ ਵੀ ਕਿਹਾ ਹੈ।
ਦੱਸ ਦੇਈਏ ਕਿ ‘ਆਪ’ ਨੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਪੰਜਾਬ ’ਚ ਮੈਡੀਕਲ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਰੱਖਿਆ ਜਾਵੇਗਾ ਅਤੇ ਦਿੱਲੀ ਵਰਗੇ ਹਸਪਤਾਲ ਅਤੇ ਮੁਹੱਲਾ ਕਲੀਨਿਕ ਪੰਜਾਬ ’ਚ ਵੀ ਬਣਾਏ ਜਾਣਗੇ।