ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਵੱਡੇ ਫੇਰਬਦਲ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਹੀ ਪੰਜਾਬ ਕਾਂਗਰਸ ਪਾਰਟੀ ਵਿੱਚ ਚੱਲ ਰਿਹਾ ਅੰਦਰੂਨੀ ਕਲੇਸ਼ ਵੀ ਅਜੇ ਖਤਮ ਨਹੀਂ ਹੋਇਆ ਹੈ। ਇਹ ਕਲੇਸ਼ ਵੱਧਦਾ ਹੀ ਜਾ ਰਿਹਾ ਹੈ। ਪਰ ਇਸ ਦੌਰਾਨ ਹੁਣ ਪਾਰਟੀ ਹਾਈਕਮਾਨ ਦੇ ਇੱਕ ਐਲਾਨ ਤੋਂ ਬਾਅਦ ਸੂਬਾ ਕਾਂਗਰਸ ਅੰਦਰ ਹਲਚਲ ਤੇਜ਼ ਹੋ ਗਈ ਹੈ। ਪਾਰਟੀ ਹਾਈਕਮਾਨ ਅਨੁਸਾਰ ਪੰਜਾਬ ਕਾਂਗਰਸ ਦੇ ਸਾਰੇ ਵਿਵਾਦਾਂ ਨੂੰ ਜੁਲਾਈ ਦੇ ਪਹਿਲੇ ਹਫਤੇ ਖਤਮ ਕਰ ਦਿੱਤਾ ਜਾਵੇਗਾ।
CM ਕੈਪਟਨ ਦੇ ਨਜ਼ਦੀਕੀ ਸਲਾਹਕਾਰਾਂ ਦੁਆਰਾ ਦਿੱਤੇ ਸੰਕੇਤਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹਾਈਕਮਾਨ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਕੀਮਤ ‘ਤੇ ਪਾਰਟੀ ਤੋਂ ਵੱਖ ਕਰਨ ਲਈ ਤਿਆਰ ਨਹੀਂ ਹੈ। ਸਿੱਧੂ ਦੀ ਨਾਰਾਜ਼ਗੀ ਦੂਰ ਕਰਨ ਲਈ ਉਨ੍ਹਾਂ ਨੂੰ ਸੂਬਾ ਕਾਂਗਰਸ ਅਤੇ ਸਰਕਾਰ ਵਿੱਚ ਸਤਿਕਾਰਯੋਗ ਸਥਾਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨਾਂ ਹੀ ਨਹੀਂ ਹੁਣ ਨਵਜੋਤ ਸਿੰਘ ਸਿੱਧੂ ਵੱਲੋ ਤਿੱਖੇ ਟਵੀਟ CM ਕੈਪਟਨ ‘ਤੇ ਨਹੀਂ ਬਲਕਿ ਸੂਬਾ ਸਰਕਾਰ ਦੇ ਅਧਿਕਾਰੀਆਂ ‘ਤੇ ਕੀਤੇ ਜਾਂ ਰਹੇ ਹਨ। ਜਿਸਦਾ ਕਾਰਨ ਸੂਬੇ ਦੇ ਡੀਜੀਪੀ ‘ਤੇ ਕੀਤਾ ਗਿਆ ਉਨ੍ਹਾਂ ਦਾ ਪਹਿਲਾ ਹਮਲਾ ਹੈ।
ਕੁੱਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਹਾਈ ਕਮਾਂਡ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਤੇ ਸਿੱਧੂ ਦਰਮਿਆਨ ਹੋਈ ਲੜਾਈ ਨੂੰ ਨਜ਼ਰਅੰਦਾਜ਼ ਕਰਕੇ ਦੋਵਾਂ ਨੇਤਾਵਾਂ ਨੂੰ ਬਰਾਬਰ ਦੀ ਜ਼ਿੰਮੇਵਾਰੀ ਸੌਂਪ ਕੇ ਅੱਗੇ ਵਧੇਗੀ। ਪਾਰਟੀ ਸੂਤਰਾਂ ਅਨੁਸਾਰ ਨਵਜੋਤ ਸਿੱਧੂ ਦੇ AAP ਵਿੱਚ ਸ਼ਾਮਿਲ ਹੋਣ ਤੇ ਮੁੱਖ ਮੰਤਰੀ ਦਾ ਉਮੀਦਵਾਰ ਬਣਾਏ ਜਾਣ ਦੀਆਂ ਖਬਰਾਂ ਨੇ ਹਾਈ ਕਮਾਂਡ ਨੂੰ ਸੁਚੇਤ ਕੀਤਾ ਹੈ। ਜਿਸ ਕਾਰਨ ਪਾਰਟੀ ਨੇ ਵਿਵਾਦ ਨੂੰ ਸੁਲਝਾਉਣ ਲਈ ਹੁਣ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਣ ਦਾ ਫੈਸਲਾ ਕੀਤਾ ਹੈ।