ਉਤਰਾਖੰਡ ਵਿੱਚ ਰਾਜਨੀਤੀ ‘ਚ ਅਚਾਨਕ ਹੋਈਆਂ ਤਬਦੀਲੀਆਂ ਕਾਰਨ ਤੀਰਥ ਸਿੰਘ ਰਾਵਤ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੌਜੂਦਾ ਕਾਰਜਕਾਲ ਵਿੱਚ ਇੱਕ ਵਾਰ ਫਿਰ ਰਾਜ ਵਿੱਚ ਮੁੱਖ ਮੰਤਰੀ ਬਦਲਣ ਦੀ ਨੌਬਤ ਆ ਗਈ ਹੈ। ਰਾਵਤ ਤੋਂ ਬਾਅਦ ਹੁਣ ਮੁੱਖ ਮੰਤਰੀ ਕੌਣ ਹੋਵੇਗਾ, ਇਸ ਸਵਾਲ ‘ਤੇ ਵਿਚਾਰ ਕਰਨ ਲਈ ਅੱਜ ਦੁਪਹਿਰ ਨੂੰ ਉਤਰਾਖੰਡ ਭਾਜਪਾ ਪਾਰਟੀ ਬੈਠਕ ਕਰਨ ਜਾ ਰਹੀ ਹੈ ।
ਇਸ ਬੈਠਕ ਦੀ ਪ੍ਰਧਾਨਗੀ ਪਾਰਟੀ ਦੇ ਉਤਰਾਖੰਡ ਦੇ ਪ੍ਰਧਾਨ ਮਦਨ ਕੌਸ਼ਿਕ ਕਰਨਗੇ। ਅਜੇ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ ਕਿ ਨਵੇਂ ਮੁੱਖ ਮੰਤਰੀ ਲਈ ਕਿਹੜੇ ਨਾਮਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਕਿਸੇ ਵਿਧਾਇਕ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇਗਾ।ਉੱਤਰਾਖੰਡ ਦੇ ਭਾਜਪਾ ਮੀਡੀਆ ਇੰਚਾਰਜ ਮਨਵੀਰ ਸਿੰਘ ਚੌਹਾਨ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਿਲ ਰਹਿਣ ਲਈ ਕਿਹਾ ਜਾ ਚੁੱਕਿਆ ਹੈ।
ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸ਼ਨੀਵਾਰ ਦੁਪਹਿਰ 3 ਵਜੇ ਕੌਸ਼ਿਕ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਬੈਠਕ ਵਿੱਚ ਕੇਂਦਰੀ ਨਿਗਰਾਨ ਵਜੋਂ ਸ਼ਾਮਿਲ ਹੋਣਗੇ। ਕੌਸ਼ਿਕ ਨੇ ਮੀਟਿੰਗ ਦੇ ਏਜੰਡੇ ਬਾਰੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਅਗਲਾ ਮੁੱਖ ਮੰਤਰੀ ਵਿਧਾਇਕਾਂ ਵਿੱਚੋਂ ਹੀ ਚੁਣਿਆ ਜਾਵੇਗਾ। ਤੀਰਥ ਸਿੰਘ ਰਾਵਤ ਨੇ ਸ਼ੁੱਕਰਵਾਰ ਦੀ ਰਾਤ ਨੂੰ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਦੇ 48 ਘੰਟਿਆਂ ਵਿੱਚ ਹੀ ਅਸਤੀਫਾ ਦੇ ਦਿੱਤਾ।