ਚੰਡੀਗੜ੍ਹ, 1 ਜੁਲਾਈ 2025 : ਸ਼੍ਰੋਮਣੀ ਅਕਾਲੀ ਦਲ (Shiromani Akli Dal ) ਦੇ ਕੋਰ ਕਮੇਟੀ ਮੈਂਬਰ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਆਪਣੀ ਟੀਮ ਸਮੇਤ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਯੂਥ ਅਕਾਲੀ ਦਲ ਦੇ ਪ੍ਰਧਾਨ (President of Youth Akali Dal) ਵਜੋਂ ਦੁਬਾਰਾ ਨਿਯੁਕਤ ਕਰਨ ਲਈ ਦਿਲੋਂ ਧੰਨਵਾਦ ਕੀਤਾ । ਝਿੰਜਰ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇੱਕ ਵਾਰ ਫਿਰ ਤੋਂ ਪਾਰਟੀ, ਪੰਜਾਬ ਅਤੇ ਪੰਥ ਦੀ ਸੇਵਾ ਕਰਨ ਦੇ ਮੌਕੇ ਲਈ ਵਾਹਿਗੁਰੂ ਜੀ ਦਾ ਧੰਨਵਾਦ ਕੀਤਾ।
ਯੂਥ ਅਕਾਲੀ ਦਲ ਪ੍ਰਧਾਨ ਵਜੋਂ ਸੇਵਾ ਕਰਨਾ ਸਨਮਾਨ ਤੇ ਜ਼ਿੰਮੇਵਾਰੀ ਦੋਵੇਂ ਹੈ
ਸਰਬਜੀਤ ਸਿੰਘ ਝਿੰਜਰ (Sarabjit Singh Jhinjar) ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦਾ ਲਗਾਤਾਰ ਦੂਜੀ ਵਾਰ ਯੂਥ ਅਕਾਲੀ ਦਲ ਦਾ ਕੌਮੀ ਪ੍ਰਧਾਨ ਨਿਯੁਕਤ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰੇ ‘ਤੇ ਭਰੋਸਾ ਰੱਖਿਆ ਅਤੇ ਮੈਂ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਉਨ੍ਹਾਂ ਦੇ ਸਮਰਥਨ ਲਈ ਵੀ ਧੰਨਵਾਦ ਕਰਦਾ ਹਾਂ । ਝਿੰਜਰ ਕਿਹਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੇਵਾ ਕਰਨਾ ਇੱਕ ਸਨਮਾਨ ਅਤੇ ਜ਼ਿੰਮੇਵਾਰੀ ਦੋਵੇਂ ਹੈ ਜਿਸਨੂੰ ਗੰਭੀਰਤਾ ਨਾਲ ਲੈਂਦਾ ਹਾਂ।
ਸ਼੍ਰੋਮਣੀ ਅਕਾਲੀ ਦਲ ਦੀ ਹੈ ਇੱਕ ਸ਼ਾਨਦਾਰ ਵਿਰਾਸਤ
ਸ਼੍ਰੋਮਣੀ ਅਕਾਲੀ ਦਲ ਦੀ ਇੱਕ ਸ਼ਾਨਦਾਰ ਵਿਰਾਸਤ ਹੈ ਅਤੇ ਇਹ ਪੰਜਾਬ ਦੀ ਸੱਚੀ ਖੇਤਰੀ ਆਵਾਜ਼ ਬਣੀ ਹੋਈ ਹੈ। ਮੈਂ ਆਪਣੇ ਨੌਜਵਾਨਾਂ ਦੀਆਂ ਚਿੰਤਾਵਾਂ ਨੂੰ ਉਠਾਉਂਦਾ ਰਹਾਂਗਾ, ਪੰਜਾਬ ਦੇ ਲੋਕਾਂ ਲਈ ਬੋਲਦਾ ਰਹਾਂਗਾ ਅਤੇ ਸਰਕਾਰ ਨੂੰ ਉਸਦੀਆਂ ਅਸਫਲਤਾਵਾਂ ਲਈ ਜਵਾਬਦੇਹ ਠਹਿਰਾਉਂਦਾ ਰਹਾਂਗਾ। ਮੈਂ ਸੂਬੇ ਦੇ ਹਰ ਨੌਜਵਾਨ ਤੱਕ ਪਾਰਟੀ ਦਾ ਸੁਨੇਹਾ ਪਹੁੰਚਾਉਣ ਲਈ ਵਚਨਬੱਧ ਹਾਂ ।
ਮੇਰਾ ਫਰਜ਼ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਸਿੱਖ ਕਦਰਾਂ-ਕੀਮਤਾਂ ਨਾਲ ਜੋੜੀਏ
ਆਪਣੇ ਮਿਸ਼ਨ ਦੀ ਅਧਿਆਤਮਿਕ ਨੀਂਹ ਨੂੰ ਉਜਾਗਰ ਕਰਦੇ ਹੋਏ ਝਿੰਜਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਤਾਬਿਆ ਬੈਠ ਕੇ ਬਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਹੋਣ ਦੇ ਨਾਤੇ, ਇਹ ਮੇਰਾ ਫਰਜ਼ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਸਿੱਖ ਕਦਰਾਂ-ਕੀਮਤਾਂ ਨਾਲ ਜੋੜੀਏ । ਸਾਡੀ ‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਰਾਹੀਂ, ਅਸੀਂ ਪਹਿਲਾਂ ਹੀ ਪੂਰੇ ਭਾਰਤ ਵਿੱਚ 100 ਤੋਂ ਵੱਧ ਦਸਤਾਰ ਸਜਾਉਣ ਦੇ ਕੈਂਪਾਂ ਦਾ ਆਯੋਜਨ ਕਰ ਚੁੱਕੇ ਹਾਂ ਅਤੇ ਇਹ ਲਹਿਰ ਅੱਗੇ ਵੀ ਵਧਦੀ ਰਹੇਗੀ ।
‘ਪੰਜਾਬ ਯੂਥ ਮਿਲਨੀ’ ਪਹਿਲਕਦਮੀ ਦੇ ਦੂਜੇ ਪੜਾਅ ਦੀ ਸ਼ੁਰੂਆਤ ਦਾ ਐਲਾਨ ਕੀਤਾ
ਨਵੇਂ ਕਾਰਜਕਾਲ ਲਈ ਆਪਣੇ ਦ੍ਰਿਸ਼ਟੀਕੋਣ ਦੀ ਰੂਪਰੇਖਾ ਦਿੰਦੇ ਹੋਏ ਝਿੰਜਰ ਨੇ ‘ਪੰਜਾਬ ਯੂਥ ਮਿਲਨੀ’ ਪਹਿਲਕਦਮੀ ਦੇ ਦੂਜੇ ਪੜਾਅ ਦੀ ਸ਼ੁਰੂਆਤ ਦਾ ਐਲਾਨ ਕਰਦੇ ਕਿਹਾ ਕਿ ਇਸ ਵਾਰ ਅਸੀਂ ਆਪਣੇ ਨੌਜਵਾਨਾਂ ਨਾਲ ਸਿਰਫ਼ ਜ਼ਿਲ੍ਹਾ ਪੱਧਰ ‘ਤੇ ਹੀ ਨਹੀਂ ਸਗੋਂ ਸਰਕਲ ਅਤੇ ਬੂਥ ਪੱਧਰ ‘ਤੇ ਵੀ ਜੁੜਾਂਗੇ । ਉਨ੍ਹਾਂ ਅੱਗੇ ਭਰੋਸਾ ਦਿੱਤਾ ਕਿ ਯੂਥ ਅਕਾਲੀ ਦਲ ਹੁਣ ਜ਼ਮੀਨੀ ਪੱਧਰ ‘ਤੇ ਨੌਜਵਾਨ ਵੋਟਰਾਂ ਨੂੰ ਲਾਮਬੰਦ ਕਰਨ ਅਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਰਹਿਣ ਲਈ ਯਤਨ ਤੇਜ਼ ਕਰੇਗੀ ਤੇ ਪੰਜਾਬ ਦੇ ਹੱਕਾਂ ਅਤੇ ਮੁੱਖ ਮੁੱਦਿਆਂ ਲਈ ਇਸ ਲੜਾਈ ਦੀ ਅਗਵਾਈ ਕਰਨ ਲਈ ਤਿਆਰ ਹਾਂ ।
Read More : ਸੁਖਬੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ