ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ‘ਚ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਮੋਦੀ 16 ਅਤੇ 17 ਫਰਵਰੀ ਨੂੰ ਮਾਲਵਾ, ਦੁਆਬਾ ਅਤੇ ਮਾਝਾ ਵਰਗੇ ਹੋਰ ਖੇਤਰਾਂ ਦਾ ਦੌਰਾ ਕਰਨਗੇ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਪੀਐਮ ਮੋਦੀ 16 ਫਰਵਰੀ ਨੂੰ ਪਠਾਨਕੋਟ ਵਿੱਚ ਦੂਜੀ ਰੈਲੀ ਅਤੇ 17 ਫਰਵਰੀ ਨੂੰ ਅਬੋਹਰ ਵਿੱਚ ਤੀਜੀ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਜਲੰਧਰ ਫੇਰੀ ਲਈ ਪੁਖਤਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਸਾਰੇ ਇਹਤਿਆਤੀ ਕਦਮ ਚੁੱਕੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਪੀਐੱਮ ਦੇ ਦੌਰੇ ਲਈ ਥਾਂ-ਥਾਂ ਅਤੇ ਆਲੇ-ਦੁਆਲੇ ਹਜ਼ਾਰਾਂ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੀਏਪੀ ਮੈਦਾਨ ਵਿੱਚ ਲਗਭਗ 25,000 ਲੋਕਾਂ ਦੇ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ, ਜਿੱਥੇ ਲਗਭਗ 40,000 ਦੇ ਇਕੱਠ ਦੀ ਉਮੀਦ ਹੈ। ਇਹ ਦੌਰਾ 16 ਫਰਵਰੀ ਨੂੰ ਗੁਰੂ ਰਵਿਦਾਸ ਜਯੰਤੀ ਦੀਆਂ ਤਿਆਰੀਆਂ ਨਾਲ ਮੇਲ ਖਾਂਦਾ ਹੈ।
ਜਿੱਥੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ਹੇਠ ਭਾਜਪਾ ਆਗੂ ਰੋਜ਼ਾਨਾ ਦੇ ਆਧਾਰ ‘ਤੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ, ਉੱਥੇ ਹੀ ਕੱਲ੍ਹ ਮੁੱਖ ਸਕੱਤਰ ਅਤੇ ਡੀਜੀਪੀ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਸਮਾਗਮ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ: “ਸੁਰੱਖਿਆ ਪ੍ਰੋਟੋਕੋਲ ਦੇ ਅਨੁਸਾਰ ਸਾਰੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਪੁਲਿਸ ਕੋਲ ਮੌਜੂਦ ਸਾਰੇ ਬਲ ਲੋੜ ਅਨੁਸਾਰ ਵਰਤੇ ਜਾ ਰਹੇ ਹਨ।‘’
ਰੈਲੀ ‘ਚ ਘੱਟੋ-ਘੱਟ 14 ਹਲਕਿਆਂ ਤੋਂ ਭਾਜਪਾ ਵਰਕਰਾਂ ਅਤੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਘੱਟੋ-ਘੱਟ 400 ਬੱਸਾਂ ਸਮਾਗਮ ਵਾਲੀ ਥਾਂ ‘ਤੇ ਪੁੱਜਣਗੀਆਂ। ਇਸ ਦੌਰਾਨ ਕਿਸਾਨਾਂ ਨੇ ਇੱਥੇ ਪੀਐਮ ਦੀ ਫੇਰੀ ਦੌਰਾਨ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਉਹ ਪ੍ਰਧਾਨ ਮੰਤਰੀ ਅਤੇ ਕੇਂਦਰ ਦੇ ਪੁਤਲੇ ਫੂਕਣਗੇ। ਉਹ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੇ ਰਸਤੇ ਵਿੱਚ ਕਾਲੇ ਝੰਡੇ ਵੀ ਫੜਨਗੇ।
ਭਾਜਪਾ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰਕੇ ਪੰਜਾਬ ਚੋਣਾਂ ਲੜ ਰਹੀ ਹੈ।
ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਉਸ ਸਮੇਂ ਢਿੱਲ ਦਾ ਮਾਮਲਾ ਸਾਹਮਣੇ ਆਇਆ ਸੀ, ਜਦੋਂ ਉਹ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਰੋਡ ਜਾਮ ਕੀਤੇ ਜਾਣ ਕਾਰਨ ਪੰਜਾਬ ਦੇ ਫਿਰੋਜ਼ਪੁਰ ਜਾਂਦੇ ਸਮੇਂ 15-20 ਮਿੰਟਾਂ ਲਈ ਫਲਾਈਓਵਰ ‘ਤੇ ਫਸ ਗਏ ਸਨ। ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਬੀਜੇਪੀ ਦੀ ਫਿਰੋਜ਼ਪੁਰ ਰੈਲੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਇਹ ਮਾਮਲਾ ਭਖ ਗਿਆ ਸੀ। ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ।