ਕੋਰੋਨਾ ਮਾਮਲਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪੀਐਮ ਮੋਦੀ ਦੇਸ਼ ‘ਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਉਹ ਅੱਜ ਦੁਪਹਿਰ 12 ਵਜੇ ਸੂਬੇ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ ਤੇ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰਨਗੇ। ਮੁੱਖ ਮੰਤਰੀਆਂ ਨਾਲ ਪੀਐਮ ਮੋਦੀ ਦੀ ਇਹ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਅਜਿਹੇ ਸਮੇਂ ਹੋਣ ਜਾ ਰਹੀ ਹੈ ਜਦੋਂ ਦੇਸ਼ ‘ਚ ਪਿਛਲੇ ਦੋ ਹਫ਼ਤਿਆਂ ਤੋਂ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੇ 24 ਘੰਟਿਆਂ ‘ਚ ਦੇਸ਼ ਵਿੱਚ ਕੋਰੋਨਾ ਦੇ 2,483 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਮੰਗਲਵਾਰ ਨੂੰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਦੇਸ਼ ‘ਚ ਕੋਰੋਨਾ ਦੇ 15,636 ਐਕਟਿਵ ਮਾਮਲੇ ਹਨ। ਕੋਰੋਨਾ ਦੀ ਸਕਾਰਾਤਮਕਤਾ ਦਰ 0.55 ਫੀਸਦੀ ਹੈ।
ਦੱਸ ਦੇਈਏ ਕਿ ਐਤਵਾਰ ਦੇ ਮਨ ਕੀ ਬਾਤ ਰੇਡੀਓ ਪ੍ਰੋਗਰਾਮ ‘ਚ ਪੀਐਮ ਮੋਦੀ ਨੇ ਤਿਉਹਾਰਾਂ ਦੇ ਸੀਜ਼ਨ ‘ਚ ਲੋਕਾਂ ਨੂੰ ਕੋਰੋਨਾ ਸੰਕਰਮਣ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਸੀ। ਪੀਐਮ ਮੋਦੀ ਨੇ ਕੋਵਿਡ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਪਹਿਨਣ ਤੇ ਨਿਯਮਤ ਅੰਤਰਾਲਾਂ ‘ਤੇ ਹੱਥ ਧੋਣ ਦੀ ਸਲਾਹ ਦਿੱਤੀ ਸੀ।
ਇਸ ਦੌਰਾਨ ਮੰਗਲਵਾਰ ਨੂੰ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਇੱਕ ਟਵੀਟ ‘ਚ ਕਿਹਾ ਕਿ 86 ਫੀਸਦੀ ਤੋਂ ਵੱਧ ਬਾਲਗ ਆਬਾਦੀ ਹੁਣ ਪੂਰੀ ਤਰ੍ਹਾਂ ਟੀਕਾਕਰਨ ਕਰ ਚੁੱਕੀ ਹੈ।