ਪੀਐੱਮ ਮੋਦੀ 2 ਤੋਂ 4 ਮਈ ਦੇ ਦੌਰਾਨ ਡੇਨਮਾਰਕ, ਫਰਾਂਸ ਤੇ ਜਰਮਨੀ ਦੀ ਯਾਤਰਾ ਕਰਨਗੇ। ਵਿਦੇਸ਼ ਮੰਤਰਾਲੇ ਅਨੁਸਾਰ ਇਸ ਦੌਰਾਨ ਪੀਐਮ ਮੋਦੀ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼, ਡੈਨਮਾਰਕ ਦੇ ਪੀਐਮ ਫਰੈਡਰਿਕਸਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕਰਨਗੇ।
ਇਸ ਵਿਦੇਸ਼ ਦੌਰੇ ‘ਚ ਪੀਐੱਮ ਮੋਦੀ ਤਿੰਨਾਂ ਦੇਸ਼ਾਂ ਦੇ ਮੁਖੀਆਂ ਨਾਲ ਰਣਨੀਤਕ ਭਾਈਵਾਲੀ ਅਤੇ ਵਿਸ਼ਵ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਦੱਸ ਦੇਈਏ ਕਿ ਇਸ ਦੌਰੇ ‘ਤੇ ਪ੍ਰਧਾਨ ਮੰਤਰੀ ਇਨ੍ਹਾਂ 3 ਦੇਸ਼ਾਂ ਤੋਂ ਇਲਾਵਾ 4 ਹੋਰ ਦੇਸ਼ਾਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦੀ ਆਖਰੀ ਵਿਦੇਸ਼ ਯਾਤਰਾ ਸਤੰਬਰ 2021 ਵਿੱਚ ਸੀ, ਜਦੋਂ ਉਹ ਕਵਾਡ ਕੰਟਰੀਜ਼ ਸਮਿਟ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਪਹੁੰਚੇ ਸਨ।
ਬਰਲਿਨ ਵਿੱਚ ਜਰਮਨ ਚਾਂਸਲਰ ਓਲਾਫ ਸਕੋਲਜ਼ ਨਾਲ ਦੁਵੱਲੀ ਗੱਲਬਾਤ ਕਰਨਗੇ। ਦੋਵੇਂ ਨੇਤਾ ਭਾਰਤ-ਜਰਮਨੀ ਅੰਤਰ-ਸਰਕਾਰੀ ਕੌਂਸਲ (ਆਈਜੀਸੀ) ਦੇ 6ਵੇਂ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ। IGC ਇੱਕ ਦੁਵੱਲੀ ਵਾਰਤਾਲਾਪ ਫਾਰਮੈਟ ਹੈ ਜੋ ਹਰ ਦੋ ਸਾਲਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਮੰਤਰੀ ਵੀ ਹਿੱਸਾ ਲੈਂਦੇ ਹਨ। ਇਹ ਪ੍ਰਧਾਨ ਮੰਤਰੀ ਮੋਦੀ ਦੀ ਚਾਂਸਲਰ ਓਲਾਫ ਸਕੋਲਜ਼ ਨਾਲ ਆਈਜੀਸੀ ਦੀ ਪਹਿਲੀ ਮੁਲਾਕਾਤ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਅਤੇ ਚਾਂਸਲਰ ਸਕੋਲਜ਼ ਇੱਕ ਸਾਂਝੇ ਵਪਾਰਕ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਜਰਮਨੀ ਵਿੱਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ। ਸਾਲ 2021 ਵਿੱਚ ਭਾਰਤ ਅਤੇ ਜਰਮਨੀ ਨੇ ਕੂਟਨੀਤਕ ਸਬੰਧਾਂ ਦੇ 70 ਸਾਲ ਪੂਰੇ ਕਰ ਲਏ ਹਨ। ਦੋਵੇਂ ਦੇਸ਼ 200 ਸਾਲਾਂ ਤੋਂ ਇੱਕ ਦੂਜੇ ਦੇ ਰਣਨੀਤਕ ਭਾਈਵਾਲ ਰਹੇ ਹਨ। ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਖੇਤਰੀ ਅਤੇ ਵਿਸ਼ਵ ਮੁੱਦਿਆਂ ‘ਤੇ ਗੱਲਬਾਤ ਹੋਵੇਗੀ।