ਫਰੀਦਕੋਟ: (ਗੁਰਸਰਬ ਸੰਧੂ )
ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਪਹਿਲਾਂ ਵੋਟਰਾਂ ਨੂੰ ਉਨ੍ਹਾਂ ਦੀਆਂ ਵੋਟਾਂ ਦੀ ਅਹਿਮੀਅਤ ਬਾਰੇ ਰਚਨਾਤਮਕ ਢੰਗ ਨਾਲ ਜਾਗਰੂਕ ਕਰਨ ਲਈ ਮੁੱਖ ਚੋਣ ਅਫ਼ਸਰ ਪੰਜਾਬ ਦੁਆਰਾ ਲਾਂਚ ਕੀਤੇ ਸ਼ੇਰ ਨੂੰ ਦਰਸਾਉਂਦਾ ਆਪਣਾ ਚੋਣ ਮਸਕਟ – `ਸ਼ੇਰਾ` ਅੱਜ ਜ਼ਿਲ੍ਹਾ ਚੋਣ ਅਫਸਰ ਕੰਮ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਫਰੀਦਕੋਟ ਜਿਲ੍ਹੇ ਵਿੱਚ ਲਾਂਚ ਕੀਤਾ ।
ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਸ. ਹਰਬੀਰ ਸਿੰਘ (ਆਈ.ਏ.ਐਸ.) ਨੇ ਕਿਹਾ ਕਿ ਰਵਾਇਤੀ ਪੰਜਾਬੀ ਪਹਿਰਾਵੇ `ਚ ਤਿਆਰ ਇਲੈਕਸ਼ਨ ਮਸਕਟ `ਸ਼ੇਰਾ` ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ। ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰਾਜੈਕਟ ਦੇ ਤਹਿਤ ਪ੍ਰਚਾਰਿਤ ਮਸਕਟ ਦਾ ਉਦੇਸ਼ ਵੋਟਰ ਜਾਗਰੂਕਤਾ ਅਤੇ ਚੋਣਾਂ ਵਿੱਚ ਭਾਗੀਦਾਰੀ ਨੂੰ ਵਧਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਅਤੇ ਨੈਤਿਕ ਵੋਟਿੰਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਸਵੀਪ ਯੋਜਨਾ ਦੇ ਹਿੱਸੇ ਵਜੋਂ ਸੋਸ਼ਲ ਮੀਡੀਆ ‘ਤੇ ਵੋਟਰ ਜਾਗਰੂਕਤਾ ਸੰਦੇਸ਼ਾਂ ਨੂੰ ਵਿਆਪਕ ਤੌਰ ‘ਤੇ ਪ੍ਰਸਾਰਿਤ ਕਰਨ ਤੋਂ ਇਲਾਵਾ ਚੋਣ ਮਸਕਟ, `ਸ਼ੇਰਾ` ਦੇ ਪੋਸਟਰ, ਤਸਵੀਰਾਂ ਅਤੇ ਵੱਡੇ ਆਕਾਰ ਦੇ ਕੱਟ-ਆਊਟਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਖਾਸ ਤੌਰ ‘ਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਏਗਾ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਸੱਭਿਆਚਾਰ ਅਤੇ ਵੋਟਰਾਂ ਦੀਆਂ ਤਰਜੀਹਾਂ ਨੂੰ ਧਿਆਨ ਵਿੱਚ ਰੱਖਦਿਆਂ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।