ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫ਼ਾ ਦੇਣ ਜਾ ਰਹੇ ਹਨ। ਇਸ ਬਾਰੇ ਟਵੀਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਅੱਜ ਦਿੱਲੀ ਜਾ ਕੇ ਸੰਗਰੂਰ ਦੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਇੰਨੇ ਸਾਲ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ, ਇਸ ਦੇ ਲਈ ਧੰਨਵਾਦ। ਭਗਵੰਤ ਮਾਨ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਪੂਰੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਸੰਗਰੂਰ ਦੇ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਕੁੱਝ ਹੀ ਮਹੀਨਿਆਂ ‘ਚ ਉਨ੍ਹਾਂ ਦੀ ਆਵਾਜ਼ ਲੋਕ ਸਭਾ ‘ਚ ਫਿਰ ਗੂੰਜੇਗੀ।
ਦੱਸਣਯੋਗ ਹੈ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਇਕ ਵਿਅਕਤੀ ਲੋਕ ਸਭਾ ਅਤੇ ਵਿਧਾਨ ਸਭਾ ’ਚ ਇਕੱਠੇ ਦੋਵਾਂ ਅਹੁਦਿਆਂ ’ਤੇ ਨਹੀਂ ਰਹਿ ਸਕਦਾ ਹੈ। ਭਗਵੰਤ ਮਾਨ ਵੱਲੋਂ ਅਜਿਹੇ ‘ਚ ਲੋਕ ਸਭਾ ਜਾਂ ਫਿਰ ਵਿਧਾਨ ਸਭਾ ’ਚੋਂ ਇਕ ਸੀਟ ਚੁਣੀ ਜਾ ਸਕਦੀ ਹੈ। ਜੇਤੂ ਉਮੀਦਵਾਰ ਨੂੰ ਦੋਵਾਂ ’ਚੋਂ ਇਕ ਸੀਟ ਤੋਂ ਅਸਤੀਫ਼ਾ ਦੇਣਾ ਪੈਂਦਾ ਹੈ।
ਹੁਣ ਭਗਵੰਤ ਮਾਨ ਧੂਰੀ ਹਲਕੇ ਤੋਂ ਚੋਣ ਜਿੱਤੇ ਹਨ। ਉੱਥੇ ਹੀ ਦੂਜੇ ਪਾਸੇ ਹਲਕਾ ਧੂਰੀ, ਲੋਕ ਸਭਾ ਹਲਕਾ ਸੰਗਰੂਰ ’ਚ ਆਉਂਦਾ ਹੈ, ਜਿੱਥੋਂ ‘ਆਪ’ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਹੀ ਸੰਸਦ ਮੈਂਬਰ ਹਨ। ਇਸ ਲਈ ਉਨ੍ਹਾਂ ਨੂੰ ਇਸ ਸੀਟ ‘ਤੇ ਅਸਤੀਫ਼ਾ ਦੇਣਾ ਪਵੇਗਾ। ਸੰਗਰੂਰ ਦੇ ਹਲਕੇ ’ਚ ਲੋਕ ਸਭਾ ਚੋਣਾਂ ਫਿਰ ਹੋਣਗੀਆਂ ਤੇ ਹਲਕਾ ਸੰਗਰੂਰ ਦੇ ਲਗਭਗ 15 ਲੱਖ ਵੋਟਰਾਂ ਨੂੰ ਫਿਰ ਵੋਟਾਂ ਪਾਉਣ ਦਾ ਮੌਕਾ ਮਿਲੇਗਾ।