ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਚਨਬੱਧਤਾ ਪ੍ਰਗਟਾਈ ਹੈ ਕਿ ਵਿਧਾਨ ਸਭਾ ਵਿਚ ਲੋਕਾਂ ਨਾਲ ਮੁੱਦਿਆਂ ਨੂੰ ਸਭ ਤੋਂ ਵੱਧ ਪਹਿਲ ਦਿੱਤੀ ਜਾਂਦੀ ਰਹੇਗੀ। ਉਹ ਅੱਜ ਇਥੇ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸਭ ਤੋਂ ਲੰਮਾ ਸੈਸ਼ਨ ਹੋਵੇਗਾ। ਜਿਸ ਵਿੱਚ ਲੋਕਾਂ ਦੀ ਇੱਛਾ ਮੁਤਾਬਿਕ ਬਜਟ ਤਿਆਰ ਨੂੰ ਪੇਸ਼ ਕੀਤਾ ਜਾਵੇਗਾ। ਪਹਿਲਾਂ ਇਹ ਸੈਸ਼ਨ ਇਕ ਦੋ ਦਿਨ ਦਾ ਹੁੰਦਾ ਸੀ ਪਰ ਹੁਣ ਇਹ ਘੱਟੋ ਘੱਟ ਦਸ ਦਿਨ ਦਾ ਹੋਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਬਜਟ ਨਾਲ ਲੋਕਾਂ ਦੀ ਆਰਥਿਕਤਾ ਅਤੇ ਜੀਵਨ ਸ਼ੈਲੀ ਨੂੰ ਬਹੁਤ ਵੱਡਾ ਫਰਕ ਪੈਂਦਾ ਹੈ। ਬਜਟ ਨਾਲ ਲੋਕਾਂ ਦੀਆਂ ਇਛਾਵਾਂ ਜੁੜੀਆਂ ਹੁੰਦੀਆਂ ਹਨ। ਜਿਹਨਾਂ ਉੱਤੇ ਖੁੱਲ੍ਹ ਕੇ ਚਰਚਾ ਹੋਣੀ ਬਹੁਤ ਜ਼ਰੂਰੀ ਹੈ। ਇਸੇ ਕਰਕੇ ਹੀ ਇਸ ਵਾਰ ਪੰਜਾਬ ਸਰਕਾਰ ਨੇ ਲੋਕਾਂ ਦੀ ਇੱਛਾ ਅਨੁਸਾਰ ਬਜਟ ਤਿਆਰ ਕਰਨ ਲਈ ਲੋਕਾਂ ਦੀ ਰਾਏ ਮੰਗੀ ਹੈ।
ਪੰਜਾਬੀ ਭਾਸ਼ਾ ਦੇ ਵਿਕਾਸ ਬਾਰੇ ਸੰਧਵਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਪੰਜਾਬੀ ਭਾਸ਼ਾ ਨੂੰ ਹਮੇਸ਼ਾਂ ਮਹੱਤਤਾ ਦਿੱਤੀ ਜਾਵੇਗੀ। ਸਾਡੀ ਮਾਂ ਬੋਲੀ ਪੰਜਾਬੀ ਨੂੰ ਰੋਜ਼ਗਾਰ ਦੀ ਬੋਲੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਕੰਮ ਸੇਵਾ ਹੈ। ਲੋਕਾਂ ਦੇ ਪਿਆਰ ਅਤੇ ਸਹਿਯੋਗ ਸਦਕਾ ਇਹ ਸੇਵਾ ਨਿਰੰਤਰ ਜਾਰੀ ਰਹੇਗੀ।
ਪੰਜਾਬ ਸਰਕਾਰ ਵੱਲੋਂ ਸੂਬੇ ਦਾ ਖ਼ਜ਼ਾਨਾ ਭਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਣ ਵਾਅਦੇ ਪੂਰੇ ਕਰਨ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਵੇਂ ਦਿੱਲੀ ਵਿੱਚ ਆਪਣੇ ਵਾਅਦੇ ਪੂਰੇ ਕੀਤੇ ਹਨ ਉਸੇ ਤਰਜ਼ ਉੱਤੇ ਹੀ ਪੰਜਾਬ ਵਾਸੀਆਂ ਨਾਲ ਕੀਤੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ।
ਰਸੂਖਦਾਰ ਲੋਕਾਂ ਅਤੇ ਜੇਲ੍ਹਾਂ ਵਿੱਚੋਂ ਵੀ ਆਈ ਪੀ ਕਲਚਰ ਖਤਮ ਕਰਨ ਬਾਰੇ ਉਹਨਾਂ ਕਿਹਾ ਕਿ ਸਰਕਾਰ ਦੀ ਨੀਅਤ ਉੱਤੇ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਦ੍ਰਿੜਤਾ ਹੈ ਕਿ ਇਹ ਕਲਚਰ ਜਲਦ ਖਤਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਸੂਬੇ ਦੀਆਂ ਜੇਲ੍ਹਾਂ ਵਿੱਚੋਂ ਵੀ.ਆਈ.ਪੀ. ਸੱਭਿਆਚਾਰ ਖ਼ਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਸ਼ੁਰੂਆਤ ਹੈ। ਜੇਲ੍ਹਾਂ ਵਿੱਚੋਂ ਵੀ.ਆਈ.ਪੀ. ਸੱਭਿਆਚਾਰ ਨੂੰ ਜੜ੍ਹੋਂ ਮਿਟਾਉਣ ਲਈ ਪੰਜਾਬ ਸਰਕਾਰ ਨੇ ਸਾਰੇ ਵੀ.ਆਈ.ਪੀ. ਸੈੱਲਾਂ ਨੂੰ ਖ਼ਤਮ ਕਰਨ ਅਤੇ ਇਨ੍ਹਾਂ ਨੂੰ ਪ੍ਰਬੰਧਕੀ ਬਲਾਕਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਜਿਹੜੇ ਜੇਲ੍ਹਾਂ ਵਿੱਚ ਬੰਦੀ ਹਨ, ਉਨ੍ਹਾਂ ਨੂੰ ਅਦਾਲਤਾਂ ਨੇ ਕਾਨੂੰਨ ਤੋੜਨ ਬਦਲੇ ਸਜ਼ਾਵਾਂ ਦਿੱਤੀਆਂ ਹਨ ਅਤੇ ਉਹ ਜੇਲ੍ਹਾਂ ਵਿੱਚ ਬੈਠੇ ਹੋਏ ਸਹੂਲਤਾਂ ਦਾ ਆਨੰਦ ਨਹੀਂ ਮਾਣ ਸਕਦੇ। ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਨੂੰ ਹੁਣ ਅਸਲ ਵਿੱਚ ਸੁਧਾਰ ਘਰ ਬਣਾਇਆ ਜਾਵੇਗਾ, ਜਿੱਥੇ ਅਪਰਾਧੀਆਂ ਨੂੰ ਆਪਣੇ ਕੀਤੇ ਗੁਨਾਹਾਂ ਦੀ ਅਸਲ ਮਾਇਨਿਆਂ ਵਿੱਚ ਸਜ਼ਾ ਭੁਗਤਣੀ ਪਵੇਗੀ।
ਇਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਧਵਾਂ ਨੇ ਕਿਹਾ ਕਿ ਸਾਨੂੰ ਆਪਣੇ ਅਮੀਰ ਵਿਰਸੇ, ਜੱਸਾ ਸਿੰਘ ਰਾਮਗੜ੍ਹੀਆ ਅਤੇ ਹੋਰ ਸਿੰਘ ਸੂਰਮਿਆਂ ਦੀ ਲਾਸਾਨੀ ਕੁਰਬਾਨੀ ਉੱਤੇ ਮਾਣ ਹੋਣਾ ਚਾਹੀਦਾ ਹੈ। ਇਕ ਸਮਾਜਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕਿਸੇ ਵੀ ਸਮਾਜ ਦੇ ਉਥਾਨ ਵਿਚ ਗੈਰ ਸਰਕਾਰੀ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਅਮਨਦੀਪ ਕੌਰ ਅਰੋੜਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ, ਵਿਧਾਇਕ ਸ਼੍ਰੀਮਤੀ ਜੀਵਨਜੋਤ ਕੌਰ, ਵਿਧਾਇਕ ਨਰੇਸ਼ ਕਟਾਰੀਆ, ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ, ਸਮਾਜ ਸੇਵੀ ਕ੍ਰਿਸ਼ਨ ਸੂਦ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਅਤੇ ਹੋਰ ਕਈ ਨਾਮੀ ਸਖਸ਼ੀਅਤਾਂ ਵੀ ਹਾਜ਼ਰ ਸਨ।