ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਇੱਕ ਪਰਿਵਾਰ ਨੁੰ ਇੱਕ ਹੀ ਟਿਕਟ ਦਿੱਤੀ ਜਾਵੇਗੀ। ਇਹ ਫੈਸਲਾ ਕੌਮੀ ਰਾਜਧਾਨੀ ਵਿਚ 15 ਜੀ ਆਰ ਜੀ ਵਿਖੇ ਹੋਈ ਪਾਰਟੀ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਇਹ ਮੀਟਿੰਗ 3 ਘੰਟਿਆਂ ਤੱਕ ਚੱਲੀ। ਮੀਟਿੰਗ ਮਗਰੋਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਦੱਸਿਆ ਕਿ ਸਕਰੀਨਿੰਗ ਕਮੇਟੀ ਨੇ ਸਾਰੀਆਂ 117 ਸੀਟਾਂ ’ਤੇ ਚਰਚਾ ਕੀਤੀ ਹੈ ਤੇ ਰਣਨੀਤੀ ਉਲੀਕੀ ਗਈ ਹੈ।
ਇਹ ਫੈਸਲਾ ਲਿਆ ਗਿਆ ਹੈ ਕਿ ਇਕ ਪਰਿਵਾਰ ਵਿਚ ਇਕ ਸਿਰਫ ਇਕ ਹੀ ਟਿਕਟ ਦਿੱਤੀ ਜਾਵੇਗੀ। ਮੁੜ ਮੀਟਿੰਗ ਬਾਰੇ ਚੌਧਰੀ ਨੇ ਕਿਹਾ ਕਿ ਜਲਦੀ ਹੀ ਮੁੜ ਮੀਟਿੰਗ ਹੋਵੇਗੀ ਜਿਸ ਵਿਚ ਸਾਰੇ ਮੈਂਬਰ ਮੌਜੂਦ ਹੋਣਗੇ। ਸੂਤਰਾਂ ਮੁਤਾਬਕ ਅਗਲੀ ਮੀਟਿੰਗ ਇਕ ਦੋ ਦਿਨਾਂ ਵਿਚ ਹੋਣ ਦੀ ਸੰਭਾਵਨਾ ਹੈ। ਕਾਂਗਰਸੀ ਆਗੂ ਅਜੈ ਮਾਕਣ ਦਾ ਕਹਿਣਾ ਹੈ ਕਿ ਚੰਗਾ ਵਿਚਾਰ ਵਟਾਂਦਰਾ ਹੋਇਆ, ਅਸੀਂ ਸਾਰੇ ਰਲ ਕੇ ਉਮੀਦਵਾਰਾਂ ਦਾ ਫੈਸਲਾ ਕਰਾਂਗੇ।
ਇਸ ਮੀਟਿੰਗ ਵਿਚ ਅਜੈ ਮਾਕਣ ਤੋਂ ਇਲਾਵਾ ਸੁਨੀਲ ਜਾਖੜ, ਨਵਜੋਤ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹਰੀਸ਼ ਚੌਧਰੀ ਸ਼ਾਮਲ ਸਨ। ਯਾਦ ਰਹੇ ਕਿ ਪਿਛਲੀਆਂ 2017 ਦੀਆਂ ਚੋਣਾਂ ਵਿਚ ਕਾਂਗਰਸ ਨੇ 77 ਸੀਟਾਂ, ਆਪ ਨੇ 20 ਸੀਟਾਂ, ਅਕਾਲੀ ਦਲ ਨੇ 15 ਅਤੇ ਭਾਜਪਾ ਨੇ 3 ਸੀਟਾਂ ਜਿੱਤੀਆਂ ਸਨ।