ਸੇਵਾ ਸਿੰਘ ਸੇਖਵਾਂ ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਪਿੰਡ ਸੇਖਵਾਂ ਆ ਕੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ।
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਉਨ੍ਹਾਂ ਦਾ ਯੋਗਦਾਨ ਕੀ ਰਿਹਾ ਹੈ। ਸਾਡਾ ਉਦੇਸ਼ ਰਾਜਨੀਤੀ ਨੂੰ ਸੁਧਾਰਨਾ ਹੈ। ਸੇਵਾ ਸਿੰਘ ਸੇਖਵਾਂ ਪਾਰਟੀ ਵਿੱਚ ਰਹਿ ਕੇ ਸਾਡੀ ਅਗਵਾਈ ਕਰਦੇ ਰਹਿਣਗੇ। ਸ਼੍ਰੋਮਣੀ ਅਕਾਲੀ ਦਲ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਅਕਾਲੀ ਦਲ ਡੈਮੋਕ੍ਰੇਟਿਕ ਦਾ ਹਿੱਸਾ ਸਨ।
ਸੇਵਾ ਸਿੰਘ ਸੇਖਵਾਂ ਮਾਝੇ ਦੇ ਸੀਨੀਅਰ ਆਗੂ ਹਨ। ਉਹ ਪਿਛਲੀ ਬਾਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਸਨ। ਜਦੋਂ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਬਣੇ ਤਾਂ ਪਾਰਟੀ ਦੇ ਸੀਨੀਅਰ ਆਗੂਆਂ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਦੇ ਛੋਟੇ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮਤਭੇਦ ਸਨ।
ਉਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੇਤਾਵਾਂ ਨੇ ‘ਸ਼੍ਰੋਮਣੀ ਅਕਾਲੀ ਦਲ-ਟਕਸਾਲੀ’ ਨਾਂਅ ਦੀ ਨਵੀਂ ਪਾਰਟੀ ਬਣਾਈ। ਲਗਪਗ ਇੱਕ ਸਾਲ ਪਹਿਲਾਂ, ‘ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ਨੂੰ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਪਾਰਟੀ ਵਿੱਚ ਰਲਾ ਦਿੱਤਾ ਗਿਆ ਸੀ।
ਹਾਲਾਂਕਿ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਰਾਜਨੀਤੀ ਵਿੱਚ ਬਹੁਤੇ ਸਰਗਰਮ ਨਹੀਂ ਰਹੇ ਹਨ, ਫਿਰ ਵੀ ਉਨ੍ਹਾਂ ਨੂੰ ਪੰਜਾਬ ਦੇ ਮਾਝਾ-ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਚਾਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਮਹੱਤਵਪੂਰਨ ਸਮਰਥਨ ਅਧਾਰ ਮੰਨਿਆ ਜਾਂਦਾ ਹੈ।