ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੰਡਕਾ ਵਿੱਚ ਵਾਪਰੀ ਭਿਆਨਕ ਅੱਗ ਦੀ ਘਟਨਾ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ। ਪੀਐਮਓ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੀਐਮ ਮੋਦੀ ਨੇ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਰਾਹੀਂ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖਮੀਆਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।
Rs. 2 lakh each from PMNRF would be given to the next of kin of those who lost their lives in the fire in Delhi. The injured would be given Rs. 50,000 : PM @narendramodi
— PMO India (@PMOIndia) May 13, 2022
ਦਿੱਲੀ ਦੇ ਮੁੰਡਕਾ ‘ਚ ਇਲੈਕਟ੍ਰਾਨਿਕ ਸਮਾਨ ਦੇ ਗੋਦਾਮ ‘ਚ ਅੱਗ ਲੱਗਣ ਤੋਂ ਬਾਅਦ ਵਾਪਰੇ ਹਾਦਸੇ ‘ਚ ਹੁਣ ਤਕ 27 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਇਸ ਹਾਦਸੇ ‘ਚ ਕਰੀਬ 12 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਲਾਕੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਬਾਹਰ ਜ਼ਿਲ੍ਹਾ) ਸਮੀਰ ਸ਼ਰਮਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਰੀਬ 50 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ।
ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਹੈ ਜੋ ਆਮ ਤੌਰ ‘ਤੇ ਕੰਪਨੀਆਂ ਲਈ ਦਫ਼ਤਰੀ ਥਾਂ ਪ੍ਰਦਾਨ ਕਰਨ ਲਈ ਵਰਤੀ ਜਾਂਦੀ ਹੈ। ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ ਜਿੱਥੇ ਸੀਸੀਟੀਵੀ ਕੈਮਰੇ ਅਤੇ ਰਾਊਟਰ ਬਣਾਉਣ ਵਾਲੀ ਕੰਪਨੀ ਦਾ ਦਫ਼ਤਰ ਹੈ। ਪੁਲੀਸ ਨੇ ਕੰਪਨੀ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।