ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਵਿੱਚ ਪਾਰਟੀ ਵਿਧਾਇਕਾਂ ਨਾਲ ਵਰਚੁਅਲ ਮੀਟਿੰਗ ਕਰ ਰਹੇ ਹਨ। ਮੀਟਿੰਗ ਸ਼ੁਰੂ ਹੋ ਗਈ ਹੈ। ਚੋਣਾਂ ‘ਚ ਜ਼ਬਰਦਸਤ ਬਹੁਮਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਵਿਧਾਇਕਾਂ ਨਾਲ ਇਹ ਪਹਿਲੀ ਮੁਲਾਕਾਤ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਅਤੇ ਭਾਵੁਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪਿਛਲੇ ਤਿੰਨ ਦਿਨਾਂ ‘ਚ ਜੋ ਕੰਮ ਕੀਤਾ ਹੈ, ਉਹ ਲਾਜਵਾਬ ਹੈ।
ਉਨ੍ਹਾਂ ਨੇ ਵਿਧਾਇਕਾਂ ਨੂੰ ਕਿਹਾ ਕਿ ਕਦੇ ਵੀ ਆਪਣੇ ਆਪ ‘ਤੇ ਘਮੰਡ ਨਹੀਂ ਕਰਨਾ ਤੇ ਨਾਲ ਹੀ ਇਹ ਵੀ ਕਿਹਾ ਕਿ ਜਨਤਾ ਨਾਲ ਵੀ ਬਦਸਲੂਕੀ ਨਹੀਂ ਕਰਨੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੁੱਝ ਵਿਧਾਇਕ ਮੰਤਰੀ ਨਾ ਬਣਨ ‘ਤੇ ਦੁਖੀ ਹਨ। ਉਨ੍ਹਾਂ ਨੇ ਜੋ ਵਿਧਾਇਕ ਮੰਤਰੀ ਨਹੀਂ ਬਣ ਸਕੇ, ਉਨ੍ਹਾਂ ਬਾਰੇ ਬੋਲਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੈ ਕਿ ਜੋ ਮੰਤਰੀ ਨਹੀਂ ਬਣ ਸਕੇ ਉਹ ਕਿਸੇ ਤੋਂ ਘੱਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਕ-ਇਕ ਹੀਰਾ ਚੁਣ ਕੇ ਸਾਨੂੰ ਦਿੱਤਾ ਹੈ। ਪੰਜਾਬ ਦੀ ਤਰੱਕੀ ਲਈ 92 ਵਿਧਾਇਕਾਂ ਦੀ ਮਜ਼ਬੂਤ ਟੀਮ ਜ਼ਰੂਰੀ ਹੈ। ਪੰਜਾਬ ਦੀ ਕੈਬਨਿਟ ’ਚ 17 ਮੰਤਰੀ ਹੀ ਬਣਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਤਰੀਆਂ ਨੂੰ ਭਗਵੰਤ ਮਾਨ ਹੀ ਟਾਰਗੇਟ ਦੇਣਗੇ। ਸਾਰੇ ਮੰਤਰੀਆਂ ਨੂੰ ਆਪਣੇ ਟਾਰਗੇਟ ਪੂਰੇ ਕਰਨੇ ਪੈਣਗੇ। ਇਸ ਦੇ ਨਾਲ ਹੀ ਕਿਹਾ ਕਿ ਟਾਰਗੇਟ ਪੂਰਾ ਨਾ ਕਰਨ ਵਾਲੇ ਮੰਤਰੀ ਨੂੰ ਬਦਲਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਬੇਈਮਾਨੀ ਕੀਤੀ ਤਾਂ ਜ਼ਿੰਦਗੀ ਭਰ ਮੌਕਾ ਨਹੀਂ ਮਿਲੇਗਾ। ਹਰੇਕ ਵਿਧਾਇਕ ਨੂੰ ਜ਼ਿੰਮੇਵਾਰੀ ਮਿਲੇਗੀ ਤੇ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਪਵੇਗੀ।
ਆਪ’ ਮੁਖੀ ਨੇ ਕਿਹਾ ਕਿ ਮਾਨ ਨੇ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲੈਣ ਦਾ ਐਲਾਨ ਕੀਤਾ ਹੈ, ਉਸ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 25 ਹਜ਼ਾਰ ਸਰਕਾਰੀ ਨੌਕਰੀਆਂ ਦੇ ਐਲਾਨ ਨੇ ਨੌਜਵਾਨਾਂ ਵਿੱਚ ਭਰੋਸਾ ਪੈਦਾ ਕੀਤਾ ਹੈ।
ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਬਿਨਾਂ ਭੇਦਭਾਵ ਤੋਂ ਕੰਮ ਕਰਨ ਲਈ ਕਿਹਾ। ਇਹ ਨਾ ਸੋਚੋ ਕਿ ਉਸ ਨੂੰ ਕਿਸ ਨੇ ਵੋਟ ਦਿੱਤੀ ਅਤੇ ਕਿਸ ਨੇ ਨਹੀਂ। ਮਾਨ ਨੇ ਵਿਧਾਇਕਾਂ ਨੂੰ ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰਨ ਲਈ ਕਿਹਾ। ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਡਰਾਉਣ ਲਈ ਨਹੀਂ, ਸਗੋਂ ਵਿਕਾਸ ਲਈ ਚੁਣਿਆ ਹੈ।