ਪੁਲਿਸ ਨੇ ਬਠਿੰਡਾ ‘ਚ ਡਰਾਈਵਰ ਦੇ ਕਤਲ ਮਾਮਲੇ ‘ਚ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਬਠਿੰਡਾ ਜ਼ਿਲ੍ਹੇ ਵਿੱਚ ਬੀਤੀ 7 ਜੁਲਾਈ ਦੀ ਸ਼ਾਮ ਨੂੰ ਮੌੜ ਮੰਡੀ ਦੀ ਟਰੱਕ ਯੂਨੀਅਨ ਨੇੜੇ ਤਲਵਾਰਾਂ ਅਤੇ ਗੰਡਾਸਿਆਂ ਨਾਲ ਬੇਰਹਿਮੀ ਨਾਲ ਟਰੱਕ ਡ੍ਰਾਈਵਰ ਜਸਪਾਲ ਸਿੰਘ ਉਰਫ਼ ਅਠੱਨੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਮੁੱਖ ਸਾਜ਼ਿਸ਼ਕਰਤਾ ਮਹਿਲਾ ਤੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂਕਿ ਇਸ ਮਾਮਲੇ ਦੇ 2 ਮੁਲਜ਼ਮ ਅਜੇ ਫਰਾਰ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
SSP ਦੀਪਕ ਪਾਰਿਕ ਨੇ ਦੱਸਿਆ ਕਿ ਇਸ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਐਸਪੀ ਡੀ ਅਜੇ ਗਾਂਧੀ, ਡੀਐਸਪੀ ਮੌੜ ਰਾਹੁਲ ਭਾਰਦਵਾਜ ਦੀ ਅਗਵਾਈ ਵਿੱਚ ਸੀਆਈਏ 1 ਅਤੇ 2 ਅਤੇ ਮੌੜ ਥਾਣੇ ਦੀ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜੋ ਕਿ ਸਾਰੇ ਵੱਖ-ਵੱਖ ਪਹਿਲੂਆਂ ‘ਤੇ ਕੰਮ ਕਰਦੇ ਹੋਏ ਦੋਸ਼ੀਆਂ ਦੀ ਭਾਲ ‘ਚ ਜੁਟੀ ਹੋਈ ਸੀ।
ਹਾਲ ਹੀ ਵਿੱਚ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ਼ 1 ਦੀ ਪੁਲਿਸ ਟੀਮ ਨੇ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਤੋਂ ਮੁਲਜ਼ਮ ਹਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਵਾਰਦਾਤ ਵਿੱਚ ਵਰਤੀ ਗਈ ਹੌਂਡਾ ਸਿਟੀ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਦੀ ਸਾਊਦੀ ਅਰਬ ‘ਚ ਮੌਤ,ਲਾਸ਼ ਭਾਰਤ ਲਿਆਉਣ ਦੀ ਕੀਤੀ ਮੰਗ ||Punjab News
SSP ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮ ਜ਼ਿਲ੍ਹੇ ਵਿੱਚੋਂ ਫਰਾਰ ਹੋਣ ਦੀ ਯੋਜਨਾ ਬਣਾ ਰਹੇ ਸਨ। ਪਰ ਪੁਲਿਸ ਟੀਮ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ। ਇੰਨਾ ਹੀ ਨਹੀਂ ਵਾਰਦਾਤ ਵਾਲੇ ਦਿਨ ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਨਾਲ-ਨਾਲ ਇਨ੍ਹਾਂ ਦੇ ਤੀਜੇ ਸਾਥੀ ਅਤੇ ਵਾਰਦਾਤ ਵਾਲੀ ਥਾਂ ਤੋਂ ਭੱਜਣ ਵਿੱਚ ਮਦਦ ਕਰਨ ਵਾਲੇ ਮੁਲਜ਼ਮ ਹਰਜੀਤ ਸਿੰਘ ਉਰਫ਼ ਐਨਕੀ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
SSP ਅਨੁਸਾਰ ਮੁਲਜ਼ਮ ਹਰਜੀਤ ਸਿੰਘ ਕਾਰ ਸਟਾਰਟ ਕਰਨ ਤੋਂ ਬਾਅਦ ਮੌਕੇ ’ਤੇ ਖੜ੍ਹਾ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਨੂੰ ਕਾਰ ਵਿੱਚ ਬਿਠਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ।