ਮੋਗਾ ‘ਚ ਪੁਲਿਸ ਤੇ ਡਰੱਗ ਵਿਭਾਗ ਨੇ ਮੈਡੀਕਲ ਸਟੋਰ ਕੀਤਾ ਸੀਲ
ਪੰਜਾਬ ‘ਚ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ‘ਚ ਪੁਲਿਸ ਅਤੇ ਡਰੱਗ ਵਿਭਾਗ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮੋਗਾ ਦੇ ਕੋਟ ਈਸੇ ਖਾਂ ਦੇ ਜੀਰਾ ਰੋਡ ‘ਤੇ ਸਥਿਤ ਦੀਪ ਮੈਡੀਕਲ ਸਟੋਰ ‘ਤੇ ਸਾਂਝੀ ਛਾਪੇਮਾਰੀ ਦੌਰਾਨ ਪਾਬੰਦੀਸ਼ੁਦਾ ਦਵਾਈਆਂ ਅਤੇ 300 ਪ੍ਰੇਗਾ ਕੈਪਸੂਲ ਬਰਾਮਦ ਕੀਤੇ ਗਏ ਹਨ।
ਪਾਬੰਦੀਸ਼ੁਦਾ ਦਵਾਈਆਂ ਬਿਨਾਂ ਬਿੱਲਾਂ ਤੋਂ ਬਰਾਮਦ
ਥਾਣਾ ਇੰਚਾਰਜ ਸੁਨੀਤਾ ਸ਼ਰਮਾ ਅਨੁਸਾਰ ਡਰੱਗ ਇੰਸਪੈਕਟਰ ਰਵੀ ਗੁਪਤਾ ਅਤੇ ਏਐਸਆਈ ਚਰਨਜੀਤ ਸਿੰਘ ਦੀ ਟੀਮ ਨੇ ਇਹ ਕਾਰਵਾਈ ਕੀਤੀ। ਛਾਪੇਮਾਰੀ ਦੌਰਾਨ ਦੁਕਾਨ ‘ਚੋਂ ਪਾਬੰਦੀਸ਼ੁਦਾ ਦਵਾਈਆਂ ਬਿਨਾਂ ਬਿੱਲਾਂ ਤੋਂ ਬਰਾਮਦ ਹੋਈਆਂ। ਮੌਕੇ ਤੋਂ ਦੋ ਮੁਲਜ਼ਮਾਂ ਸ਼ਰਨਜੀਤ ਸਿੰਘ ਅਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਸਬੰਧੀ ਮਾਮਲੇ ਦੀ ਜਾਂਚ ਡਰੱਗ ਇੰਸਪੈਕਟਰ ਰਵੀ ਗੁਪਤਾ ਵੱਲੋਂ ਕੀਤੀ ਜਾ ਰਹੀ ਹੈ, ਜਦਕਿ ਪ੍ਰੇਗਾ ਕੈਪਸੂਲ ਦੇ ਮਾਮਲੇ ਵਿੱਚ ਪੁਲਿਸ ਨੇ ਵੱਖਰਾ ਕੇਸ ਦਰਜ ਕੀਤਾ ਹੈ। ਕਾਰਵਾਈ ਤੋਂ ਬਾਅਦ ਮੈਡੀਕਲ ਸਟੋਰ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ। ਇਹ ਕਾਰਵਾਈ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ।