Independence Day 2022: PM ਮੋਦੀ ਨੇ ਲਾਲ ਕਿਲ੍ਹੇ ‘ਤੇ ਲਹਿਰਾਇਆ ਤਿਰੰਗਾ

0
145

ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ’ਚ ਜਸ਼ਨ ਦਾ ਮਾਹੌਲ ਹੈ। ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9ਵੀਂ ਵਾਰ ਲਾਲ ਕਿਲ੍ਹੇ ਤੋਂ ਆਜ਼ਾਦੀ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ।

ਰਾਸ਼ਟਰੀ ਝੰਡਾ ਲਹਿਰਾਉਣ ਮਗਰੋਂ ਪ੍ਰਧਾਨ ਮੰਤਰੀ ਨੇ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਮਗਰੋਂ ਐੱਮ. ਆਈ-17 ਵਨ ਵੀ ਹੈਲੀਕਾਪਟਰਾਂ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਇਤਿਹਾਸਕ ਲਾਲ ਕਿਲ੍ਹੇ ਦੀ ਹਿਫਾਜ਼ਤ ਲਈ ਬਹੁ ਪੱਧਰੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ।

ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਆਪਣੀ ਧਰਤੀ ਨਾਲ ਜੁੜਾਂਗੇ ਤਾਂ ਹੀ ਉੱਚਾ ਉਡਾਂਗੇ, ਦੁਨੀਆ ਨੂੰ ਹੱਲ ਦੇ ਸਕਾਂਗੇ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਾ ਲਾਲ ਕਿਲ੍ਹੇ ਤੋਂ ਦਰਦ ਵੀ ਛਲਕਿਆ। ਇਹ ਦਰਦ ਨਾਰੀ ਯਾਨੀ ਕਿ ਔਰਤਾਂ ਨੂੰ ਲੈ ਕੇ ਛਲਕਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਇਕ ਪੀੜਾ ਹੈ, ਮੇਰਾ ਦਰਦ ਹੈ, ਮੈਂ ਇਸ ਦਰਦ ਨੂੰ ਦੇਸ਼ ਵਾਸੀਆਂ ਦੇ ਸਾਹਮਣੇ ਨਹੀਂ ਕਹਾਂਗਾ ਤਾਂ ਕਿਸ ਨੂੰ ਕਹਾਂਗਾ। ਉਨ੍ਹਾਂ ਕਿਹਾ ਕਿ ਅੱਜ ਕਿਸੇ ਨਾ ਕਿਸੇ ਕਾਰਨ ਸਾਡੇ ਅੰਦਰ ਵਿਗਾੜ ਆਇਆ ਹੈ। ਸਾਡੀ ਬੋਲ-ਚਾਲ ’ਚ, ਸਾਡੇ ਸੁਭਾਅ ’ਚ। ਅਸੀਂ ਔਰਤ ਦਾ ਅਪਮਾਨ ਕਰਦੇ ਹਾਂ। ਕੀ ਅਸੀਂ ਸੁਭਾਅ ਤੋਂ, ਸੰਸਕਾਰ ਤੋਂ, ਰੋਜ਼ਾਨਾ ਦੀ ਜ਼ਿੰਦਗੀ ’ਚ ਔਰਤ ਨੂੰ ਅਪਮਾਨਿਤ ਕਰਨ ਵਾਲੀ ਹਰ ਗੱਲ ਤੋਂ ਮੁਕਤੀ ਦਾ ਸੰਕਲਪ ਲੈ ਸਕਦੇ ਹਾਂ। ਨਾਰੀ ਦਾ ਗੌਰਵ ਰਾਸ਼ਟਰ ਦੇ ਸੁਫ਼ਨੇ ਪੂਰੇ ਕਰਨ ’ਚ ਬਹੁਤ ਵੱਡੀ ਪੂੰਜੀ ਬਣਨ ਵਾਲਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੋਈ ਵੀ ਖੇਤਰ ਵੇਖ ਲਓ, ਸਾਡੇ ਦੇਸ਼ ਦੀ ਨਾਰੀ ਸ਼ਕਤੀ ਅੱਗੇ ਹੈ। ਪੁਲਸ ਹੋਵੇ ਜਾਂ ਖੇਡ ਦਾ ਮੈਦਾਨ, ਭਾਰਤ ਦੀ ਨਾਰੀ ਸ਼ਕਤੀ ਇਕ ਨਵੇਂ ਸੰਕਲਪ ਨਾਲ ਅੱਗੇ ਆ ਰਹੀ ਹੈ। ਆਉਣ ਵਾਲੇ 25 ਸਾਲਾਂ ’ਚ ਮੈਂ ਨਾਰੀ ਸ਼ਕਤੀ ਦਾ ਯੋਗਦਾਨ ਵੇਖ ਰਿਹਾ ਹਾਂ। ਅਸੀਂ ਜਿੰਨੇ ਜ਼ਿਆਦਾ ਮੌਕੇ ਆਪਣੀਆਂ ਧੀਆਂ ਨੂੰ ਦੇਵਾਂਗੇ, ਉਹ ਦੇਸ਼ ਨੂੰ ਉੱਚਾਈ ’ਤੇ ਲੈ ਕੇ ਜਾਣਗੀਆਂ। ਇਸ ਲਈ ਆਓ ਅਸੀਂ ਸਾਰੇ ਜ਼ਿੰਮੇਵਾਰੀਆਂ ਨਾਲ ਅੱਗੇ ਵਧੀਏ।

ਦੱਸ ਦੇਈਏ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਕੇਂਦਰ ਸਰਕਾਰ ਨੇ ‘ਹਰ ਘਰ ਤਿਰੰਗਾ’ ਸਮੇਤ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ।

LEAVE A REPLY

Please enter your comment!
Please enter your name here