PM ਮੋਦੀ ਤੇ CM ਮਾਨ ਨੇ ਨੀਰਜ ਚੋਪੜਾ ਨੂੰ ਸਿਲਵਰ ਮੈਡਲ ਜਿੱਤਣ ‘ਤੇ ਦਿੱਤੀ ਵਧਾਈ
ਪੈਰਿਸ ਓਲੰਪਿਕਸ ਵਿੱਚ ਭਾਰਤ ਕਾਫੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ | ਇਸੇ ਦੇ ਤਹਿਤ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰ ਦਿੱਤਾ ਹੈ | ਇਸ ਜਿੱਤ ਨਾਲ ਉਹ ਦੋ ਓਲੰਪਿਕ ਤਮਗੇ ਜਿੱਤਣ ਵਾਲੇ ਪਹਿਲੇ ਭਾਰਤੀ ਟ੍ਰੈਕ ਤੇ ਫੀਲਡ ਖਿਡਾਰੀ ਬਣ ਗਏ। ਫਾਈਨਲ ਮੁਕਾਬਲੇ ਵਿੱਚ ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 89.45 ਮੀਟਰ ਦਾ ਥ੍ਰੋਅ ਸੁੱਟਿਆ। ਇਹ ਇਸ ਸੀਜ਼ਨ ਨੀਰਜ ਦਾ ਸਭ ਤੋਂ ਵਧੀਆ ਥ੍ਰੋਅ ਰਿਹਾ।
ਨੀਰਜ ਭਾਰਤੀ ਅਥਲੈਟਿਕਸ ਤੇ ਖੇਡਾਂ ਦੀ ਸ਼ਾਨ
ਨੀਰਜ ਚੋਪੜਾ ਦੇ ਸਿਲਵਰ ਮੈਡਲ ਜਿੱਤਣ ‘ਤੇ CM ਭਗਵੰਤ ਮਾਨ ਨੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਨੀਰਜ ਚੋਪੜਾ ਨੂੰ ਵਧਾਈ ਦਿੰਦਿਆਂ ਕਿਹਾ, “ਓਲੰਪਿਕ ਤੇ ਵਿਸ਼ਵ ਚੈਂਪੀਅਨ ਭਾਰਤ ਦੇ ਜੈਵਲਿਨ ਥਰੋਅਰ ਅਥਲੀਟ ਨੀਰਜ ਚੋਪੜਾ ਨੂੰ ਪੈਰਿਸ ਓਲੰਪਿਕਸ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਉੱਤੇ ਬਹੁਤ ਬਹੁਤ ਮੁਬਾਰਕਾਂ। ਨੀਰਜ ਭਾਰਤੀ ਅਥਲੈਟਿਕਸ ਤੇ ਖੇਡਾਂ ਦੀ ਸ਼ਾਨ ਹੈ ਜਿਸ ਨੇ ਓਲੰਪਿਕਸ ਵਿੱਚ ਪਿਛਲੀ ਵਾਰ ਸੋਨੇ ਅਤੇ ਐਤਕੀਂ ਚਾਂਦੀ ਦਾ ਤਮਗ਼ਾ ਜਿੱਤਿਆ।”
ਨੀਰਜ ਚੋਪੜਾ ਉੱਤਮਤਾ ਦੀ ਸੱਚੀ ਮਿਸਾਲ …
ਇਸ ਤੋਂ ਇਲਾਵਾ PM ਮੋਦੀ ਨੇ ਨੀਰਜ ਚੋਪੜਾ ਨੂੰ ਸਿਲਵਰ ਮੈਡਲ ਜਿੱਤਣ ਵਾਲੇ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਵਧਾਈ ਦਿੰਦਿਆਂ ਕਿਹਾ,”ਨੀਰਜ ਚੋਪੜਾ ਉੱਤਮਤਾ ਦੀ ਸੱਚੀ ਮਿਸਾਲ ਹਨ। ਉਨ੍ਹਾਂ ਨੇ ਵਾਰ-ਵਾਰ ਆਪਣੀ ਪ੍ਰਤਿਭਾ ਦਿਖਾਈ ਹੈ। ਭਾਰਤ ਨੂੰ ਖੁਸ਼ੀ ਹੈ ਕਿ ਉਹ ਇੱਕ ਵਾਰ ਫਿਰ ਓਲੰਪਿਕ ਵਿੱਚ ਸਫਲ ਰਹੇ ਹਨ। ਸਿਲਵਰ ਮੈਡਲ ਜਿੱਤਣ ‘ਤੇ ਉਨ੍ਹਾਂ ਨੂੰ ਵਧਾਈ। ਉਹ ਆਉਣ ਵਾਲੇ ਅਣਗਿਣਤ ਅਥਲੀਟਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੇ ਸਾਡੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕਰਦੇ ਰਹਿਣਗੇ।”
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦਿੱਤੀ ਵਧਾਈ
ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਨੀਰਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਾਨਦਾਰ ਨੀਰਜ ਚੋਪੜਾ ਨੇ ਦੇਸ਼ ਨੂੰ ਮਾਣ ਦਿਵਾਇਆ। ਬਹੁਤ ਸ਼ਾਨਦਾਰ ਚੈਂਪੀਅਨ। ਪੈਰਿਸ ਓਲੰਪਿਕ ਵਿੱਚ ਸਿਲਵਰ ਜਿੱਤਣ ‘ਤੇ ਵਧਾਈ। ਆਪਣੇ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਇੱਕ ਸ਼ਾਨਦਾਰ ਕਿੱਸਾ ਲਿਖ ਕੇ ਤਿਰੰਗੇ ਦਾ ਮਾਣ ਵਧਾਇਆ ਹੈ। ਪੂਰਾ ਦੇਸ਼ ਤੁਹਾਡੀ ਇਸ ਉਪਲਬਧੀ ‘ਤੇ ਖੁਸ਼ੀ ਮਨਾ ਰਿਹਾ ਹੈ ।