ਨਵੀਂ ਯੋਜਨਾ ‘ਅਗਨੀਪਥ’ ਦੇ ਵਿਰੋਧ ’ਚ ਹੋ ਰਹੇ ਪ੍ਰਦਰਸ਼ਨਾਂ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਵਾਰ-ਵਾਰ ਨੌਕਰੀ ਦੀ ਝੂਠੀ ਉਮੀਦ ਦੇ ਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ‘ਅਗਨੀਪਥ’ ’ਤੇ ਚੱਲਣ ਲਈ ਮਜਬੂਰ ਕਰ ਦਿੱਤਾ ਹੈ।
ਉਨ੍ਹਾਂ ਨੇ ਇਹ ਗੱਲ ਉਦੋਂ ਕਹੀ ਜਦੋਂ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਸਮੇਤ ਕਾਂਗਰਸ ਦੇ ਸਾਂਸਦ ਅਤੇ ਵੱਡੇ ਨੇਤਾ ਅਗਨੀਪਥ ਯੋਜਨਾ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਪ੍ਰਤੀ ਇਕਜੁਟਤਾ ਪ੍ਰਗਟ ਕਰਨ ਲਈ ਜੰਤਰ-ਮੰਤਰ ’ਤੇ ‘ਸੱਤਿਆਗ੍ਰਹਿ’ ’ਤੇ ਬੈਠੇ।
ਰਾਹੁਲ ਗਾਂਧੀ ਨੇ ਟਵੀਟ ’ਚ ਕਿਹਾ, ‘ਵਾਰ-ਵਾਰ ਨੌਕਰੀ ਦੀ ਝੂਠੀ ਉਮੀਦ ਦੇ ਕੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ‘ਅਗਨੀਪਥ’ ’ਤੇ ਚੱਲਣ ਲਈ ਮਜਬੂਰ ਕਰ ਦਿੱਤਾ ਹੈ।’
ਉਨ੍ਹਾਂ ਨੇ ਕਿਹਾ, ‘ਅੱਠ ਸਾਲਾਂ ’ਚ 16 ਕਰੋੜ ਨੌਕਰੀਆਂ ਦਿੱਤੀਆਂ ਜਾਣੀਆਂ ਸਨ ਪਰ ਨੌਜਵਾਨਾਂ ਨੂੰ ਪਕੋੜੇ ਤਲਣ ਦਾ ਹੀ ਗਿਆਨ ਮਿਲਿਆ। ਦੇਸ਼ ਦੀ ਇਸ ਹਾਲਤ ਲਈ ਸਿਰਫ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ।