ਪਿਟਬੁੱਲ ਵਲੋਂ ਹਮਲੇ ਦੀਆਂ ਰੋਜ਼ਾਨਾ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਗੁਰਦਾਸਪੁਰ ‘ਚ ਪਿਟਬੁੱਲ ਨੇ ਕਈ ਲੋਕਾਂ ‘ਤੇ ਹਮਲਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿਟਬੁੱਲ ਨੇ ਪੰਜ ਪਿੰਡਾਂ ਦੇ 12 ਲੋਕਾਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। 15 ਕਿਲੋਮੀਟਰ ਦੇ ਘੇਰੇ ਵਿੱਚ ਜੋ ਵੀ ਉਸ ਦੇ ਰਾਹ ਵਿੱਚ ਆਇਆ, ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਪਸ਼ੂ ਵੀ ਉਸ ਦਾ ਨਿਸ਼ਾਨਾ ਬਣ ਗਏ। ਜਦੋਂ ਉਸ ਨੇ ਸੇਵਾਮੁਕਤ ਕਪਤਾਨ ‘ਤੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਹੋਰ ਲੋਕਾਂ ਦੀ ਮਦਦ ਨਾਲ ਡੰਡੇ ਨਾਲ ਕੁੱਟ-ਕੁੱਟ ਕੇ ਪਿਟਬੁੱਲ ਨੂੰ ਮਾਰ ਦਿੱਤਾ। ਇਸ ਦੌਰਾਨ ਜ਼ਖ਼ਮੀਆਂ ਨੂੰ ਗੁਰਦਾਸਪੁਰ ਅਤੇ ਦੀਨਾਨਗਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਿਟਬੁੱਲ ਨੇ ਸਭ ਤੋਂ ਪਹਿਲਾਂ ਪਿੰਡ ਤੰਗੋਸ਼ਾਹ ਨੇੜੇ ਭੱਠੇ ‘ਤੇ ਕੰਮ ਕਰਦੇ ਦੋ ਮਜ਼ਦੂਰਾਂ ਨੂੰ ਵੱਢਿਆ। ਉਨ੍ਹਾਂ ਕਿਸੇ ਤਰ੍ਹਾਂ ਉਸ ਨੂੰ ਬੰਨ੍ਹ ਲਿਆ ਪਰ ਬਾਅਦ ਵਿੱਚ ਉਹ ਉੱਥੋਂ ਛੁੱਟ ਕੇ ਚਲਾ ਗਿਆ ਅਤੇ ਦੇਰ ਰਾਤ ਪਿੰਡ ਰਾਂਝੇ ਦੇ ਕੋਠੇ ਪਹੁੰਚ ਗਿਆ। ਇੱਥੇ ਹਵੇਲੀ ‘ਚ ਇੱਕ ਬਜ਼ੁਰਗ ਦਿਲੀਪ ਕੁਮਾਰ ‘ਤੇ ਹਮਲਾ ਕਰ ਦਿੱਤਾ। ਦਿਲੀਪ ਉਸ ਤੋਂ ਬਚਣ ਲਈ ਭੱਜਿਆ ਪਰ ਪਿਟਬੁੱਲ ਨੇ ਪਿੱਛਾ ਕਰਕੇ ਉਸ ਨੂੰ ਵੱਢ ਲਿਆ ਤੇ ਜ਼ਖਮੀ ਕੀਤਾ। ਇਸ ਤੋਂ ਬਾਅਦ ਪਿਟਬੁੱਲ ਨੇ ਇੱਕ ਵੱਛੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉੱਥੋਂ ਪਿਟਬੁੱਲ ਘਰੋਟਾ ਰੋਡ ਵੱਲ ਭੱਜਿਆ ਅਤੇ ਰਸਤੇ ਵਿੱਚ ਕਈ ਪਸ਼ੂਆਂ ਨੂੰ ਵੱਢਦਾ ਰਿਹਾ। ਇਸ ਤਰ੍ਹਾਂ ਪਿਟਬੁੱਲ ਨੇ ਕਾਫੀ ਲੋਕਾਂ ਤੇ ਪਸ਼ੂਆਂ ਨੂੰ ਅਪਣਾ ਸ਼ਿਕਾਰ ਬਣਾਇਆ।