ਅਮਰਨਾਥ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ‘ਤੇ ਲੁਟੇਰਿਆਂ ਨੇ ਕੀਤਾ ਹਮਲਾ
ਦੇਸ਼ ਭਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਜਿਸਦੇ ਚੱਲਦਿਆਂ ਨੈਸ਼ਨਲ ਹਾਈਵੇ 54 ‘ਤੇ ਮੋਟਰਸਾਈਕਲਾਂ ਰਾਹੀਂ ਅਮਰਨਾਥ ਦੀ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ‘ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਯਾਤਰੀਆਂ ਦੇ ਗੰਭੀਰ ਸੱਟਾਂ ਮਾਰਕੇ ਉਨ੍ਹਾਂ ਤੋਂ ਨਕਦੀ, ਸਮਾਨ ਅਤੇ ਬਾਇਕ ਲੁੱਟਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਹਮਲੇ ਵਿੱਚ ਇੱਕ ਯਾਤਰੀ ਦੇ ਹੱਥ ਦੀ ਉਂਗਲ ਕੱਟੀ ਗਈ
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੀਦਾ ਤੋਂ ਕਰੀਬ 11 ਮੋਟਰਸਾਈਕਲਾਂ ਤੇ ਸਵਾਰ ਹੋਕੇ 22 ਦੇ ਕਰੀਬ ਯਾਤਰੀਆਂ ਦਾ ਜਥਾ ਸ਼੍ਰੀ ਅਮਰਨਾਥ ਦੀ ਯਾਤਰਾ ਲਈ ਸਵੇਰੇ ਕਰੀਬ ਦੋ ਵਜੇ ਨਿਕਲਿਆ ਸੀ। ਜਿਵੇਂ ਹੀ ਉਹ ਫਰੀਦਕੋਟ ਦੇ ਨਜ਼ਦੀਕ ਪਿੰਡ ਚਹਿਲ ਦੇ ਸੇਮਨਾਲ਼ੇ ਕੋਲ ਪਹੁੰਚੇ ਤਾਂ ਉਥੇ ਲੁੱਕ ਕੇ ਬੈਠੇ ਤਿੰਨ ਲੁਟੇਰਿਆਂ ਵੱਲੋਂ ਜੱਥੇ ‘ਚੋ ਇੱਕ ਬਾਇਕ ਤੇ ਤੇਜ਼ਧਾਰ ਹਥਿਆਰ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ।
ਲੁਟੇਰਿਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਯਾਤਰੀ ਦੇ ਹੱਥ ਦੀ ਉਂਗਲ ਕੱਟੀ ਗਈ ਅਤੇ ਦੂਜੇ ਦੇ ਲੱਤ ਤੇ ਸੱਟਾਂ ਵੱਜੀਆਂ। ਇਸੇ ਹੱਥੋਪਾਈ ਦੌਰਾਨ ਬਾਈਕ ਡਿੱਗ ਗਈ ਅਤੇ ਜਦੋਂ ਯਾਤਰੀ ਆਪਣੀ ਜਾਨ ਬਚਾਉਣ ਲਈ ਖੇਤ ਵੱਲ ਭੱਜੇ ਤਾਂ ਪਿੱਛੋਂ ਲੁਟੇਰੇ ਉਨ੍ਹਾਂ ਦਾ ਮੋਟਰਸਾਈਕਲ,ਸਮਾਨ ਨਾਲ ਭਰੇ ਦੋ ਬੈਗ ਅਤੇ ਨਗਦੀ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ।
ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਯਾਤਰੀਆਂ ਨੇ ਦੱਸਿਆ ਕੇ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਪਿੱਛੇ ਆ ਰਹੇ ਸਨ। ਲੁਟੇਰਿਆਂ ਨੇ ਪਹਿਲਾਂ ਇੱਕ ਬਾਈਕ ਦੇ ਡਾਂਗ ਮਾਰੀ ਪਰ ਉਹ ਬਚ ਕੇ ਨਿੱਕਲ ਗਿਆ ਪਰ ਪਿੱਛੋਂ ਦੂਜੇ ਬਾਇਕ ਤੇ ਆ ਰਹੇ ਦੋ ਲੜਕਿਆਂ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਦੀ ਲੁਟੇਰਿਆਂ ਨਾਲ ਹੱਥੋਪਾਈ ਵੀ ਹੋਈ ਪਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਜਖਮੀ ਹੋ ਗਏ ਅਤੇ ਇਸ ਲੁੱਟ ਦਾ ਸ਼ਿਕਾਰ ਹੋ ਗਏ।
ਇਹ ਵੀ ਪੜ੍ਹੋ : ਕ੍ਰਿਕਟ ਮਗਰੋਂ WWE ਫੈਨਜ਼ ਨੂੰ ਲੱਗਿਆ ਝਟਕਾ, John Cena ਨੇ ਸੰਨਿਆਸ ਦਾ ਕੀਤਾ ਐਲਾਨ
ਇਸ ਬਾਰੇ ਪਿੱਛੇ ਤੋਂ ਆ ਰਹੇ ਉਨ੍ਹਾਂ ਦੇ ਹੋਰ ਸਾਥੀਆਂ ਯਾਤਰੀਆਂ ਵੱਲੋਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ਼ ਚਲ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ |