ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਦੱਸਿਆ ਕਿ ਲੁਧਿਆਣਾ ਪੱਛਮੀ ਤੋਂ ਆਪ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਅਤੇ ਗੁਜਰਾਤ ਵਿਧਾਨ ਸਭਾ ਹਲਕਾ ਵਿਸਾਵਦਰ ਤੋਂ ਗੋਪਾਲ ਇਟਾਲੀਆ ਦੀ ਸ਼ਾਨਦਾਰ ਜਿੱਤ ਆਮ ਲੋਕਾਂ ਦੀ ਜਿੱਤ ਹੈ ਅਤੇ ਇਹ ਜਿੱਤ ਲੋਕਤੰਤਰੀ, ਇਮਾਨਦਾਰੀ ਅਤੇ ਵਿਕਾਸ ਤੇ ਭਰੋਸਾ ਜਿਤਾਉਣ ਵਾਲੇ ਹਰ ਨਾਗਰਿਕ ਦੀ ਜਿੱਤ ਹੈ।
ਗੱਲਬਾਤ ਕਰਦਿਆਂ ਵਿਧਾਇਕ ਟੌਂਗ ਨੇ ਕਿਹਾ ਕਿ ਵਿਰੋਧੀਆਂ ਨੇ ਲੁਧਿਆਣਾ ਪੱਛਮੀ ਸੀਟ ਨੂੰ ਜਿੱਤਣ ਲਈ ਕਾਫ਼ੀ ਕੂੜ ਪ੍ਰਚਾਰ ਕੀਤਾ ਪਰ ਲੋਕ ਇਨਾਂ ਦੇ ਝਾਂਸੇ ਵਿੱਚ ਨਹੀਂ ਆਏ ਅਤੇ ਵਿਕਾਸ ਦੇ ਕੰਮਾਂ ਤੇ ਮੋਹਰ ਲਾਈ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਇਹ ਆਮ ਲੋਕਾਂ ਦੇ ਭਲਾਈ ਲਈ ਕੰਮ ਕਰਦੀ ਰਹੇਗੀ। ਉਨਾਂ ਕਿਹਾ ਕਿ ਸਾਡੀ ਸਰਕਾਰ ਜੀਰੋ ਟਾਲਰੇਂਸ ਦੀ ਨੀਤੀ ਤੇ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਭ੍ਰਿਸ਼ਟਾਚਾਰੀ ਜਾਂ ਨਸ਼ਾ ਵੇਚਣ ਵਾਲੇ ਨੂੰ ਨਹੀਂ ਛੱਡਿਆ ਜਾਵੇਗਾ।
ਇਸ ਮੌਕੇ ਟੌਂਗ ਨੇ ਆਪਣੇ ਦਫ਼ਤਰ ਵਿੱਚ ਆਪਣੇ ਵਲੰਟੀਅਰ ਸਾਥੀਆਂ ਨਾਲ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ 2027 ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਵੀ ਆਵੇਗੀ।