ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਮਰਾਨ ਖਾਨ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ। ਇਮਰਾਨ ਖਾਨ ਦੇ ਖਿਲਾਫ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਵਾਰੰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੈਲੀ ‘ਚ ਭਾਸ਼ਣ ਦੌਰਾਨ ਇਮਰਾਨ ਖਾਨ ਨੇ ਇਸਲਾਮਾਬਾਦ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਜੱਜ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਲਈ ਇਸਲਾਮਾਬਾਦ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਜੱਜਾਂ ਨੂੰ ਧਮਕਾਉਣ ਅਤੇ ਦੇਸ਼ ਵਿੱਚ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿੱਚ ਅੱਤਵਾਦ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
20 ਅਗਸਤ ਨੂੰ ਇਸਲਾਮਾਬਾਦ ‘ਚ ਇਮਰਾਨ ਖਾਨ ਨੇ ਇੱਕ ਰੈਲੀ ‘ਚ ਮਹਿਲਾ ਜੱਜ ਤੇ ਪੁਲਿਸ ਅਧਿਕਾਰੀਆਂ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਸੀ। ਇਸੇ ਵਿਚਾਲੇ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਮਰਾਨ ਦੀ ਲੀਗਕ ਟੀਮ ਨੇ ਗ੍ਰਿਫਤਾਰੀ ਤੋਂ ਪਹਿਲਾਂ ਹੀ ਜ਼ਮਾਨਤ ਅਰਜ਼ੀ ਦਾਇਰ ਕਰ ਦਿੱਤੀ ਹੈ।
PEMRA ਨੇ ਕੀਤੀ ਵੱਡੀ ਕਾਰਵਾਈ
ਇਸ ਤੋਂ ਪਹਿਲਾਂ ਪਾਕਿਸਤਾਨ ਦੀ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ ਇਮਰਾਨ ਖਿਲਾਫ ਵੱਡੀ ਕਾਰਵਾਈ ਕੀਤੀ ਸੀ। ਪੇਮਰਾ ਨੇ ਸੈਟੇਲਾਈਟ ਟੀਵੀ ਚੈਨਲ ‘ਤੇ ਉਨ੍ਹਾਂ ਦੇ ਲਾਈਵ ਭਾਸ਼ਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਉਸ ਦੇ ਰਿਕਾਰਡ ਕੀਤੇ ਭਾਸ਼ਣ ਅਤੇ ਬਿਆਨ ਨੂੰ ਵੀ ਚੈਕ ਕਰਨ ਅਤੇ ਚਲਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਇਸ ਵਿੱਚ ਕੋਈ ਇਤਰਾਜ਼ਯੋਗ ਸਮੱਗਰੀ ਨਾ ਹੋਵੇ।
ਪੇਮਰਾ ਵੱਲੋਂ ਜਾਰੀ ਹੁਕਮ ‘ਚ ਲਿਖਿਆ ਗਿਆ ਹੈ, ‘ਇਹ ਦੇਖਿਆ ਗਿਆ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਪ੍ਰਧਾਨ ਇਮਰਾਨ ਖਾਨ ਲਗਾਤਾਰ ਆਪਣੇ ਬਿਆਨਾਂ ਅਤੇ ਭਾਸ਼ਣਾਂ ‘ਚ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਦੇ ਅਜਿਹੇ ਭਾਸ਼ਣ ਦੇਸ਼ ਦੀ ਸ਼ਾਂਤੀ ਲਈ ਖ਼ਤਰਾ ਹਨ। ਆਦੇਸ਼ ਦੀ ਕਾਪੀ ‘ਚ ਇਮਰਾਨ ਖਾਨ ਦੇ ਭਾਸ਼ਣ ਦਾ ਕੁਝ ਹਿੱਸਾ ਫਾਰਸੀ ‘ਚ ਲਿਖਿਆ ਗਿਆ ਹੈ, ਜਿਸ ‘ਚ ਅਪਸ਼ਬਦ ਬੋਲਣ ਦੀ ਗੱਲ ਕਹੀ ਗਈ ਹੈ। ਇਸ ਨੂੰ ਪਾਕਿਸਤਾਨ ਵਿੱਚ ਧਾਰਾ 19 ਦੀ ਉਲੰਘਣਾ ਮੰਨਿਆ ਜਾਂਦਾ ਹੈ।