ਬਲੋਚਿਸਤਾਨ ਸੂਬੇ ਵਿੱਚ ਪਾਕਿਸਤਾਨੀ ਫ਼ੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਜਿਸ ਵਿੱਚ ਦੋ ਪਾਇਲਟਾਂ ਸਮੇਤ ਛੇ ਫ਼ੌਜੀ ਅਧਿਕਾਰੀਆਂ ਦੀ ਮੌਤ ਹੋ ਗਈ। ਫ਼ੌਜ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਫ਼ੌਜ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਸੂਬੇ ਦੇ ਹਰਨਾਈ ਇਲਾਕੇ ਦੇ ਖੋਸਤ ‘ਚ ਉਡਾਣ ਮੁਹਿੰਮ ਦੌਰਾਨ ਵਾਪਰਿਆ।
ਫ਼ੌਜ ਨੇ ਕਿਹਾ ਕਿ ਹਾਦਸੇ ਵਿੱਚ ਦੋ ਪਾਇਲਟਾਂ ਸਮੇਤ ਹੈਲੀਕਾਪਟਰ ਵਿੱਚ ਸਵਾਰ ਛੇ ਅਧਿਕਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਕਿਉਂ ਵਾਪਰਿਆ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ- ਬਲੋਚਿਸਤਾਨ ਦੀ ਘਟਨਾ ਤੋਂ ਦੁਖੀ ਹਾਂ। ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰੀ ਕੌਮ ਉਨ੍ਹਾਂ ਦੇ ਨਾਲ ਹੈ।
ਪਿਛਲੇ ਮਹੀਨੇ ਵੀ ਬਲੋਚਿਸਤਾਨ ਵਿੱਚ ਹੈਲੀਕਾਪਟਰ ਕਰੈਸ਼ ਹੋਣ ਦੀ ਘਟਨਾ ਵਾਪਰੀ ਸੀ। ਬਲੋਚਿਸਤਾਨ ਵਿੱਚ ਹੜ੍ਹ ਰਾਹਤ ਕਾਰਜਾਂ ਵਿੱਚ ਲੱਗੇ ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਦਾ ਏਟੀਸੀ ਨਾਲ ਸੰਪਰਕ ਟੁੱਟ ਗਿਆ ਸੀ ਅਤੇ ਇਸ ਹਾਦਸੇ ਤੋਂ ਬਾਅਦ 6 ਪਾਕਿਸਤਾਨੀ ਅਧਿਕਾਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।