ਝੋਨੇ ਦੀ ਨਹੀਂ ਹੋ ਰਹੀ ਖਰੀਦ, ਕਿਸਾਨ ਮੰਡੀਆਂ ‘ਚ ਬੋਰੀਆਂ ‘ਤੇ ਸੌਣ ਨੂੰ ਹੋਏ ਮਜ਼ਬੂਰ
ਪੰਜਾਬ ਸਰਕਾਰ ਨੇ ਝੋਨੇ ਦੀ ਖ਼ਰੀਦ ਲਈ 1 ਅਕਤੂਬਰ ਤੋਂ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅਨਾਜ ਮੰਡੀ ਕਲਾਨੌਰ ਵਿੱਚ ਝੋਨੇ ਦੀ ਖਰੀਦ ਨਾ ਮਾਤਰ ਹੋਣ ਕਾਰਨ ਸਰਹੱਦੀ ਪੱਟੀ ਦੇ ਕਿਸਾਨਾਂ ਵੱਲੋਂ ਝੋਨਾ ਵੇਚਣ ਲਈ ਪਿਛਲੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਡੇਰੇ ਲਾਏ ਹੋਏ ਹਨ, ਪਰੰਤੂ ਖ਼ਰੀਦ ਨਾ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਰਾਖੀ ਲਈ ਬੋਰੀਆਂ ‘ਤੇ ਸੌਂ ਕੇ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਇਥੋਂ ਤੱਕ ਕਿ ਰਾਤ ਵੇਲੇ ਮੱਛਰ ਦੇ ਕੱਟਣ ਨਾਲ ਕਿਸਾਨ ਬਿਮਾਰ ਹੋ ਰਹੇ ਹਨ।
ਦਿਨ ਅਤੇ ਰਾਤ ਮੰਡੀਆਂ ਵਿੱਚ ਰਹਿਣ ਨੂੰ ਮਜ਼ਬੂਰ
ਇਸ ਮੌਕੇ ਪਿਛਲੇ ਇੱਕ ਹਫਤੇ ਦੌਰਾਨ ਵੱਖ-ਵੱਖ ਪਿੰਡਾਂ ਵਿੱਚੋਂ ਝੋਨਾ ਵੇਚਣ ਲਈ ਆਏ ਬਲਕਾਰ ਸਿੰਘ ਫ਼ੌਜੀ, ਨਰਿੰਦਰ ਸਿੰਘ, ਹਰਦੇਵ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਸ਼ਮੀ ਮਸਤਕੋਟ ਆਦਿ ਕਿਸਾਨਾਂ ਨੇ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਕਰਨ ਦਾ ਐਲਾਨ ਕੀਤਾ ਹੋਇਆ ਹੈ, ਉੱਥੇ ਕਿਸਾਨਾਂ ਨੂੰ ਆਪਣੇ ਝੋਨੇ ਦੀ ਫਸਲ ਵੇਚਣ ਲਈ ਮੰਡੀਆਂ ਵਿੱਚ ਆੜ੍ਹਤੀਆਂ ਦੀਆਂ ਲੇਲ੍ਹੜੀਆਂ ਕੱਢਣੀਆਂ ਪੈ ਰਹੀਆਂ ਹਨ। ਕਿਸਾਨ ਸਰਬਜੀਤ ਮਸਤਕੋਟ ਨੇ ਕਿਹਾ ਕਿ ਪਿਛਲੇ ਇੱਕ ਹਫਤੇ ਤੋਂ ਮੰਡੀਆਂ ਵਿੱਚ ਝੋਨੇ ਦੀ ਫਸਲ ਨੂੰ ਸਰਕਾਰੀ ਰੇਟ ਵਿੱਚ ਵੇਚਣ ਲਈ ਤਰਲੋਮੱਛੀ ਹੋ ਰਿਹਾ ਹਨ ਪਰੰਤੂ ਅਜੇ ਤੱਕ ਝੋਨੇ ਦੀ ਸਰਕਾਰੀ ਖ਼ਰੀਦ ਨਹੀਂ ਹੋ ਸਕੀ। ਉਸਨੇ ਕਿਹਾ ਕਿ ਆਪਣੀ ਫਸਲ ਵੇਚਣ ਲਈ ਉਹ ਦਿਨ ਅਤੇ ਰਾਤ ਮੰਡੀਆਂ ਵਿੱਚ ਰਹਿਣ ਨੂੰ ਮਜ਼ਬੂਰ ਹਨ।
ਸਰਕਾਰ ਪ੍ਰਤੀ ਭਾਰੀ ਰੋਸ
ਮੰਡੀਆਂ ਵਿੱਚ ਬੋਰੀਆਂ ‘ਤੇ ਲੰਮੇ ਪਏ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਜਿੱਥੇ ‘ਇੰਦਰ ਦੇਵਤਾ’ ਨੇ ਉਨ੍ਹਾਂ ਦੀਆਂ ਫਸਲਾਂ ਖੇਤਾਂ ਵਿੱਚ ਲੰਮੇ ਪਾ ਕੇ ਪਹਿਲਾ ਹੀ ਝਾੜ ਘਟਾ ਦਿੱਤਾ ਸੀ, ਉੱਥੇ ਬੈਠੀ ਫਸਲ ਦੀ ਕਟਾਈ 1500 ਤੋਂ 3500 ਦੇਣ ਦੇ ਬਾਅਦ ਦੂਸਰਾ ਅਤੇ ਮੰਡੀਆਂ ਵਿੱਚ ਆੜ੍ਹਤੀਆਂ ਵੱਲੋਂ ਨਮੀ ਦੇ ਨਾਂ ਤੇ ਤੀਜਾ ਕੱਟ ਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਝੋਨੇ ਦੀ ਫਸਲ ਦੀ ਹੋ ਰਹੀ ਬੇਕਦਰੀ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜ਼ਿਮਨੀ ਚੋਣ ਦਾ ਬਾਈਕਾਟ
ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਝੋਨੇ ਦੀ ਖਰੀਦ ਦਾ ਮਸਲਾ ਹੱਲ ਨਾ ਕੀਤਾ ਤਾਂ ਕਿਸਾਨਾਂ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਹੋ ਰਹੀ ਜ਼ਿਮਨੀ ਚੋਣ ਦਾ ਬਾਈਕਾਟ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਕਿਸਾਨਾਂ ਨੇ ਡਿਪਟੀ ਕਮਿਸ਼ਨ ਗੁਰਦਾਸਪੁਰ, ਡੀਐੱਫਸੀ ਗੁਰਦਾਸਪੁਰ ਅਤੇ ਪੰਜਾਬ ਸਰਕਾਰ ਤੋਂ ਪਰਜ਼ੋਰ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨ ਆਪਣੀ ਝੋਨੇ ਦੀ ਫਸਲ ਵੇਚ ਕੇ ਕਣਕ ਦੀ ਬਜਾਈ ਦੀ ਸ਼ੁਰੂਆਤ ਕਰ ਸਕਣ।