ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸਿੱਖ ਯਾਤਰੀਆਂ ਨੂੰ ਨਨਕਾਣਾ ਸਾਹਿਬ ਲੈ ਕੇ ਜਾ ਰਹੀ ਵਿਸ਼ੇਸ਼ ਰੇਲਗੱਡੀ ਦੇ 9 ਡੱਬੇ ਅੱਜ ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਪੱਟੜੀ ਤੋਂ ਉਤਰ ਗਏ। ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 8 ਨਵੰਬਰ ਨੂੰ ਮਨਾਇਆ ਜਾਵੇਗਾ। ਜਿਸ ਦੇ ਸਬੰਧ ਵਿੱਚ ਭਾਰਤ ਤੋਂ ਵੀ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਅਤੇ ਗੁਰਪੁਰਬ ਨੂੰ ਮਨਾਉਣ ਦੇ ਲਈ ਗਏ ਹੋਏ ਹਨ।
ਪਾਕਿਸਤਾਨ ਰੇਲਵੇ ਸੂਬੇ ਦੇ ਬੁਲਾਰੇ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਵਿਸ਼ੇਸ਼ ਰੇਲ ਗੱਡੀ ਕਰਾਚੀ ਤੋਂ ਨਨਕਾਣਾ ਸਾਹਿਬ ਜਾ ਰਹੀ ਸੀ ਕਿ ਸ਼ੋਰਕੋਟ ਅਤੇ ਪੀਰ ਮਹਿਲ ਰੇਲਵੇ ਸਟੇਸ਼ਨਾਂ ਵਿਚਕਾਰ ਸ਼ਾਮ ਕਰੀਬ 7.55 ਵਜੇ ਇਸ ਦੀਆਂ 9 ਬੋਗੀਆਂ ਪੱਟੜੀ ਤੋਂ ਉਤਰ ਗਈਆਂ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਹ ਪਤਾ ਨਹੀਂ ਲੱਗਿਆ ਕਿ ਰੇਲਗੱਡੀ ’ਚ ਭਾਰਤ ਦੇ ਸਿੱਖ ਸ਼ਰਧਾਲੂ ਵੀ ਸਨ ਜਾਂ ਨਹੀਂ। ਇਸ ਦੌਰਾਨ ਸੰਘੀ ਮੰਤਰੀ ਖਵਾਜਾ ਸਾਦ ਰਫੀਕ ਨੇ ਘਟਨਾ ਦੀ ਜਾਂਚ ਲਈ ਕਮੇਟੀ ਕਾਇਮ ਕਰਨ ਦਾ ਐਲਾਨ ਕੀਤਾ ਹੈ। ਸੀਓਪੀਐੱਸ ਸੇਫਟੀ, ਸੀਈਐਨ ਓਪਨ ਲਾਈਨਜ਼ ਅਤੇ ਸੀਐੱਮਈ ਕੈਰੇਜ਼ ਦੀ ਕਮੇਟੀ ਪਟੜੀ ਤੋਂ ਉਤਰਨ ਬਾਰੇ ਤੱਥਾਂ ਦੀ ਖੋਜ ਕਰੇਗੀ ਅਤੇ ਤਿੰਨ ਦਿਨਾਂ ਵਿੱਚ ਕਮੇਟੀ ਵੱਲੋਂ ਆਪਣੀ ਰਿਪੋਰਟ ਸੌਂਪੇ ਦਿੱਤੀ ਜਾਵੇਗੀ।