ਬਾਈਡਨ ਦੇ ਰਾਸ਼ਟਰਪਤੀ ਚੋਣਾਂ ਦੀ ਦੌੜ ‘ਚੋਂ ਹਟਣ ‘ਤੇ ਓਬਾਮਾ ਨੇ ਕੀਤੀ ਤਾਰੀਫ਼, ਕਿਹਾ- ‘ਉਹ ਸੱਚੇ ਦੇਸ਼ ਭਗਤ ਨੇ’
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਡਿਬੇਟ ਵਿੱਚ ਹੀ ਟਰੰਪ ਦੇ ਸਾਹਮਣੇ ਕਮਜ਼ੋਰ ਪੈਣ ਦੇ ਬਾਅਦ ਤੋਂ ਹੀ ਬਾਈਡਨ ‘ਤੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਦਾ ਭਾਰੀ ਦਬਾਅ ਪੈ ਰਿਹਾ ਸੀ, ਪਰ ਖੁਦ ਬਾਈਡਨ ਪਿੱਛੇ ਹਟਣ ਨੂੰ ਤਿਆਰ ਨਹੀਂ ਸਨ, ਪਰ ਐਤਵਾਰ ਨੂੰ ਹੈਰਾਨ ਕਰਦੇ ਹੋਏ ਬਾਈਡਨ ਨੇ ਅਚਾਨਕ ਪਿੱਛੇ ਹਟਣ ਦਾ ਐਲਾਨ ਕੀਤਾ। ਜੋ ਬਾਈਡਨ ਦੇ ਇਸ ਫੈਸਲੇ ਦੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਖੂਬ ਤਾਰੀਫ ਕੀਤੀ ਹੈ।
ਬਾਈਡਨ ਅਮਰੀਕਾ ਦੇ ਸਭ ਤੋਂ ਅਹਿਮ ਰਾਸ਼ਟਰਪਤੀ
ਬਰਾਕ ਓਬਾਮਾ ਨੇ ਕਿਹਾ ਕਿ ਜੋ ਬਾਈਡਨ ਅਮਰੀਕਾ ਦੇ ਸਭ ਤੋਂ ਅਹਿਮ ਰਾਸ਼ਟਰਪਤੀ ਹਨ, ਨਾਲ ਹੀ ਮੇਰੇ ਵਧੀਆ ਹਨ। ਅੱਜ ਇੱਕ ਵਾਰ ਫਿਰ ਉਨ੍ਹਾਂ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਉਹ ਸੱਚੇ ਦੇਸ਼ ਭਗਤ ਹਨ। ਓਬਾਮਾ ਨੂੰ ਬਤੌਰ ਉਪ ਰਾਸ਼ਟਰਪਤੀ ਚੁਣਨ ਦੇ ਸਮੇਂ ਨੂੰ ਯਾਦ ਕਰਦੇ ਹੋਏ ਓਬਾਮਾ ਨੇ ਕਿਹਾ ਕਿ 16 ਸਾਲ ਪਹਿਲਾਂ ਜਦੋਂ ਮੈਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਤਲਾਸ਼ ਕਰ ਰਿਹਾ ਸੀ ਤਾਂ ਮੈਨੂੰ ਜੋ ਬਾਈਡਨ ਦੇ ਲੋਕ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਕਰੀਅਰ ਬਾਰੇ ਪਤਾ ਸੀ।
ਬਾਈਡਨ ਨੇ ਕੀਤਾ ਸ਼ਾਨਦਾਰ ਕੰਮ
ਬਾਈਡਨ ਦੀਆਂ ਉਪਲਬਧੀਆਂ ਗਿਣਾਉਂਦੇ ਹੋਏ ਓਬਾਮਾ ਨੇ ਕਿਹਾ ਕਿ ਦੇਸ਼ ਦੇ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ, ਲੱਖਾਂ ਨੌਕਰੀਆਂ ਪੈਦਾ ਕਰਨ, ਦਵਾਈਆਂ ਦੀ ਕੀਮਤ ਘੱਟ ਕਰਨ, ਦੇਸ਼ ਦੇ ਇਤਿਹਾਸ ਵਿੱਚ ਜਲਵਾਯੂ ਪਰਿਵਰਤਨ ‘ਤੇ ਸਭ ਤੋਂ ਵੱਡਾ ਨਿਵੇਸ਼ ਕਰਨ ਅਤੇ ਹਰ ਨਾਗਰਿਕ ਦੇ ਅਧਿਕਾਰਾਂ ਨੂੰ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਬਾਈਡਨ ਨੇ ਸ਼ਾਨਦਾਰ ਕੰਮ ਕੀਤਾ।
ਜਸਟਿਨ ਟਰੂਡੋ ਨੇ ਵੀ ਬਾਈਡਨ ਦੀ ਕੀਤੀ ਤਾਰੀਫ
ਓਬਾਮਾ ਤੋਂ ਇਲਾਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬਾਈਡਨ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਰਾਸ਼ਟਰਪਤੀ ਬਾਈਡਨ ਨੂੰ ਸਾਲਾਂ ਤੋਂ ਜਾਣਦਾ ਹਾਂ। ਉਹ ਇੱਕ ਮਹਾਨ ਵਿਅਕਤੀ ਹਨ ਤੇ ਉਹ ਜੋ ਕੁਝ ਵੀ ਕਰਦੇ ਹਨ ਉਸ ਵਿੱਚ ਆਪਣੇ ਦੇਸ਼ ਦੇ ਪ੍ਰਤੀ ਉਨ੍ਹਾਂ ਦਾ ਪਿਆਰ ਹੁੰਦਾ ਹੈ। ਰਾਸ਼ਟਰਪਤੀ ਦੇ ਰੂਪ ਵਿੱਚ ਉਹ ਕੈਨੇਡੀਆਈ ਲੋਕਾਂ ਦੇ ਸੱਚੇ ਦੋਸਤ ਹਨ।