ਬੀਤੇ ਦਿਨੀ ਦੀ CBI ਟੀਮ ਨੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪਾ ਮਾਰਿਆ ਸੀ। ਇਸਦੇ ਨਾਲ ਹੀ ਭਾਜਪਾ ਨੇ ਇਹ ਦਾਅਵਾ ਕੀਤਾ ਕਿ ਨਿਊ ਯਾਰਕ ਟਾਈਮਜ਼ ‘ਚ ਛਪੀ ਦਿੱਲੀ ਦੇ ਸਿੱਖਿਆ ਮਾਡਲ ਨਾਲ ਸੰਬੰਧਿਤ ਖਬਰ ‘ਪੇਡ ਨਿਊਜ਼’ ਹੈ। ਜਿਸਨੂੰ ਕਿ ਨਿਊ ਯਾਰਕ ਟਾਈਮਜ਼ ਨੇ ਖਾਰਿਜ ਕਰ ਦਿੱਤਾ ਹੈ। ਨਿਊ ਯਾਰਕ ਟਾਈਮਜ਼ ਨੇ ਦਿੱਲੀ ਦੇ ਸਿੱਖਿਆ ਮਾਡਲ ਨਾਲ ਸਬੰਧਤ ਆਪਣੇ ਮੂਹਰਲੇ ਸਫ਼ੇ ’ਤੇ ਛਪੀ ਖ਼ਬਰ ਨੂੰ ਭਾਜਪਾ ਵੱਲੋਂ ‘ਪੇਡ ਨਿਊਜ਼’ ਦੱਸਣ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਅਮਰੀਕੀ ਰੋਜ਼ਨਾਮਚੇ ਨੇ ਕਿਹਾ ਕਿ ਉਨ੍ਹਾਂ ਦੀ ਰਿਪੋਰਟ ‘ਨਿਰਪੱਖ’ ਤੇ ‘ਜ਼ਮੀਨੀ ਹਕੀਕਤਾਂ’ ਉੱਤੇ ਆਧਾਰਿਤ ਹੈ। ਕਾਬਿਲੇਗੌਰ ਹੈ ਕਿ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਟਿੱਪਣੀ ਕਿ ‘ਨਿਊ ਯਾਰਕ ਟਾਈਮਜ਼ ਵਿੱਚ ਖ਼ਬਰ ਪ੍ਰਕਾਸ਼ਿਤ ਕਰਵਾਉਣਾ ਬਹੁਤ ਔਖਾ ਹੈ’ ਦੇ ਹਵਾਲੇ ਨਾਲ ਅਮਰੀਕੀ ਅਖਬਾਰ ਵਿੱਚ ਛਪੀ ਉਪਰੋਕਤ ਖ਼ਬਰ ਨੂੰ ‘ਪੇਡ ਨਿਊਜ਼’ ਕਰਾਰ ਦਿੱਤਾ ਸੀ।
ਭਾਜਪਾ ਨੇ ਦਾਅਵਾ ਕੀਤਾ ਸੀ ਕਿ ਇਹ ਖ਼ਬਰ ਨਹੀਂ ‘ਆਪ’ ਦਾ ਇਸ਼ਤਿਹਾਰ ਹੈ। ਉਧਰ ‘ਆਪ’ ਨੇ ਵੀ ਭਾਜਪਾ ਦੀਆਂ ਇਨ੍ਹਾਂ ਟਿੱਪਣੀਆਂ ਨੂੰ ‘ਅਹਿਮਕਾਨਾ’ ਦਾਅਵਾ ਕਰਾਰ ਦਿੱਤਾ ਹੈ। ਐੱਨਵਾਈਟੀ ਨੇ ‘ਇੰਡੀਆ ਟੂਡੇ ਗਰੁੱਪ’ ਨੂੰ ਦਿੱਤੇ ਸਪਸ਼ਟੀਕਰਨ ਵਿੱਚ ਕਿਹਾ, ‘‘ਦਿ ਨਿਊ ਯਾਰਕ ਟਾਈਮਜ਼ ਦੇ ਇੰਟਰਨੈਸ਼ਨਲ ਐਡੀਸ਼ਨ ਦੇ ਮੂਹਰਲੇ ਸਫ਼ੇ ’ਤੇ ਛਪਿਆ ਆਰਟੀਕਲ ਨਿਊਜ਼ ਕਵਰੇਜ ਹੈ। ਇਹ ਕੋਈ ਇਸ਼ਤਿਹਾਰ ਜਾਂ ਪੇਡ ਨਿਊਜ਼ ਨਹੀਂ ਹੈ।’’ ਅਖ਼ਬਾਰ ਨੇ ਅੱਗੇ ਕਿਹਾ, ‘‘ਦਿੱਲੀ ਦੇ ਸਿੱਖਿਆ ਪ੍ਰਬੰਧ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸਾਡੀ ਰਿਪੋਰਟ ਪੂਰੀ ਤਰ੍ਹਾਂ ਨਿਰਪੱਖ ਅਤੇ ਜ਼ਮੀਨੀ ਹਕੀਕਤਾਂ ’ਤੇ ਆਧਾਰਿਤ ਹੈ। ਸਿੱਖਿਆ ਇਕ ਅਜਿਹਾ ਮੁੱਦਾ ਹੈ ਜਿਸ ਨੂੰ ‘ਦਿ ਨਿਊ ਯਾਰਕ ਟਾਈਮਜ਼’ ਕਈ ਸਾਲਾਂ ਤੋਂ ਕਵਰ ਕਰ ਰਿਹਾ ਹੈ।
ਅਖ਼ਬਾਰ ਵੱਲੋਂ ਕੀਤੀ ਜਾਂਦੀ ਪੱਤਰਕਾਰੀ ਨਿਰਪੱਖ, ਕਿਸੇ ਵੀ ਸਿਆਸੀ ਜਾਂ ਇਸ਼ਤਿਹਾਰੀ ਪ੍ਰਭਾਵ ਤੋਂ ਮੁਕਤ ਹੁੰਦੀ ਹੈ। ਹੋਰ ਪ੍ਰਕਾਸ਼ਨ ਸਾਡੀ ਸਹਿਮਤੀ ਨਾਲ ਰਿਪੋਰਟਾਂ ਪ੍ਰਕਾਸ਼ਿਤ ਕਰਦੇ ਹਨ। ਅਮਰੀਕੀ ਰੋਜ਼ਨਾਮਚੇ ਨੇ ਇਹ ਸਪਸ਼ਟੀਕਰਨ ਭਾਜਪਾ ਦੇ ਆਈਟੀ ਸੈੈੱਲ ਦੇ ਕੌਮੀ ਕਨਵੀਨਰ ਅਮਿਤ ਮਾਲਵੀਆ ਦੇ ਉਸ ਬਿਆਨ ਮਗਰੋਂ ਦਿੱਤਾ ਹੈ ਜਿਸ ਵਿੱਚ ਇਹ ਸਵਾਲ ਕੀਤਾ ਗਿਆ ਸੀ ਕਿ ਦਿੱਲੀ ਦੇ ਸਿੱਖਿਆ ਮਾਡਲ, ਜਿਸ ਦੀ ਕੋਈ ਹੋਂਦ ਨਹੀਂ ਹੈ, ਬਾਰੇ ‘ਦਿ ਨਿਊ ਯਾਰਕ ਟਾਈਮਜ਼’ ਤੇ ‘ਖਲੀਜ ਟਾਈਮਜ਼’ ਵਿੱਚ ਇਕੋ ਵਿਅਕਤੀ ਵੱਲੋਂ ਲਿਿਖਆ ਆਰਟੀਕਲ ਕਿਵੇਂ ਛਪ ਸਕਦਾ ਹੈ। ਮਾਲਵੀਆ ਨੇੇ ਕਿਹਾ ਕਿ ਇਹ ‘ਆਪ’ ਵੱਲੋਂ ਪੈਸੇ ਦੇ ਕੇ ਕੀਤਾ ਪ੍ਰਚਾਰ ਹੈ।
ਉਧਰ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਕੇਜਰੀਵਾਲ ਨੇ ਅੱਜ ਸਵੇਰੇ ਪਹਿਲਾਂ ਕਿਹਾ, ‘‘ਨਿਊ ਯਾਰਕ ਟਾਈਮਜ਼, ਜੋ ਵਿਸ਼ਵ ਦੇ ਸਭ ਤੋਂ ਤਾਕਤਵਾਰ ਮੁਲਕ ਦਾ ਸਭ ਤੋਂ ਵੱਡਾ ਅਖ਼ਬਾਰ ਹੈ, ਵਿੱਚ ਖ਼ਬਰ ਪ੍ਰਕਾਸ਼ਿਤ ਕਰਵਾਉਣੀ ਬਹੁਤ ਔਖੀ ਹੈ।’’ ਕੇਜਰੀਵਾਲ ਨੇ ਹਾਲਾਂਕਿ ਫੌਰੀ ਇਸ ਟਿੱਪਣੀ ਨੂੰ ਦਰੁਸਤ ਕਰਦਿਆਂ ਕਿਹਾ, ‘‘ਨਿਊ ਯਾਰਕ ਵਿੱਚ ਖ਼ਬਰ ਪ੍ਰਕਾਸ਼ਿਤ ਕਰਵਾਉਣੀ ਔਖੀ ਹੈ। ਹਰ ਦੇਸ਼ ਦਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ਐੱਨਵਾਈਟੀ ਦੇ ਮੂਹਰਲੇ ਸਫ਼ੇ ’ਤੇ ਆਪਣਾ ਨਾਮ ਤੇ ਤਸਵੀਰਾਂ ਲਵਾਉਣ ਲਈ ਬੇਚੈਨ ਰਹਿੰਦੇ ਹਨ।’’ ਲੇਖੀ ਨੇ ਜ਼ੁਬਾਨ ਫਿਸਲਣ ਕਰਕੇ ਹੋਈ ਇਸ ਗ਼ਲਤੀ ਲਈ ਕੇਜਰੀਵਾਲ ਨੂੰ ਘੇਰਿਆ।
ਉਧਰ ‘ਆਪ’ ਵਿਧਾਇਕ ਸੌਰਭ ਭਾਰਦਵਾਜ ਨੇ ਭਾਜਪਾ ’ਤੇ ਪਲਟਵਾਰ ਕਰਦਿਆਂ ਕਿਹਾ, ‘‘ਮੈਂ ਭਾਜਪਾ ਨੂੰ ਚੁਣੌਤੀ ਦਿੰਦਾ ਹਾਂ, ਤੁਹਾਡੇ ਕੋਲ ਜੋ ਵੀ ਪੈਸਾ ਹੈ… ਜੋ ਵੀ ਤਾਕਤ ਹੈ, ਉਸ ਦੀ ਵਰਤੋਂ ਕਰੋ। ਉਧਰ ਜੇਕਰ ਤੁਸੀਂ ਸੋਚਦੇ ਹੋ ਕਿ ਇਹ ਸੰਭਵ ਹੈ ਤਾਂ ਤੁਸੀਂ ਨਿਊਯਾਰਕ ਟਾਈਮਜ਼ ਵਿੱਚ ਇੱਕ ਲੇਖ ਪ੍ਰਕਾਸ਼ਿਤ ਕਰਵਾਉਣ ਦੀ ਕੋਸ਼ਿਸ਼ ਕਰੋ।’’ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ, ‘‘ਭਾਜਪਾ ਸਭ ਤੋਂ ਅਮੀਰ ਸਿਆਸੀ ਪਾਰਟੀ ਹੈ, ਇਸ ਲਿਹਾਜ਼ ਨਾਲ ਉਨ੍ਹਾਂ ਨੂੰ ਨਿਊਯਾਰਕ ਟਾਈਮਜ਼ ਦੇ ਮੂਹਰਲੇ ਸਫ਼ੇ ’ਤੇ ਰੋਜ਼ਾਨਾ ਦਿਖਾਈ ਦੇਣਾ ਚਾਹੀਦਾ ਹੈ।’’