PM ਮੋਦੀ ਦੇ ਦੌਰੇ ਤੋਂ ਪਹਿਲਾਂ ਨਿਊ ਚੰਡੀਗੜ੍ਹ ਨੂੰ ਐਲਾਨਿਆ ‘ਨੋ ਫਲਾਈ ਜ਼ੋਨ’, ਡਰੋਨ ‘ਤੇ ਲਗਾਈ ਪੂਰਨ ਪਾਬੰਦੀ

0
117

PM ਨਰਿੰਦਰ ਮੋਦੀ ਦੀ 24 ਅਗਸਤ ਦੀ ਫੇਰੀ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ) ਨੂੰ ‘ਨੋ ਫਲਾਈ ਜ਼ੋਨ’ ਐਲਾਨ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ 24 ਅਗਸਤ ਨੂੰ ਹੋਮੀ ਭਾਭਾ ਕੈਂਸਰ ਐਂਡ ਰਿਸਰਚ ਸੈਂਟਰ ਦਾ ਉਦਘਾਟਨ ਕਰਨ ਲਈ ਮੁੱਲਾਂਪੁਰ ਪਹੁੰਚਣਗੇ।

ਇਸ ਦੌਰਾਨ ਆਲੇ-ਦੁਆਲੇ ਦੇ ਇਲਾਕਿਆਂ ‘ਚ ਡਰੋਨ ‘ਤੇ ਵੀ ਪੂਰਨ ਪਾਬੰਦੀ ਰਹੇਗੀ। ਇਸ ਵਾਰ ਵਾਧੂ ਸਾਵਧਾਨੀ ਵਰਤਦਿਆਂ ਪੰਜਾਬ ਪੁਲਿਸ ਨੇ ਐਤਵਾਰ ਤੋਂ ਹੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ 24 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਮੋਹਾਲੀ ਵਿੱਚ ਵਾਹਨਾਂ ਦੀ ਤਿੱਖੀ ਚੈਕਿੰਗ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਹੁਕਮ ਜਾਰੀ ਕੀਤਾ ਹੈ ਕਿ ਮੈਡੀ-ਸਿਟੀ, ਜਿੱਥੇ ਪ੍ਰਧਾਨ ਮੰਤਰੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਨ, ਉਸ ਦੇ ਆਲੇ-ਦੁਆਲੇ 2 ਕਿਲੋਮੀਟਰ ਦੇ ਖੇਤਰ ਦੇ ਨਾਲ ‘ਨੋ ਫਲਾਈ ਜ਼ੋਨ’ ਹੋਵੇਗਾ।

ਇਹ ਹੁਕਮ 24 ਅਗਸਤ ਤੱਕ ਲਾਗੂ ਰਹੇਗਾ। ਨਾਲ ਹੀ ਸੂਬੇ ‘ਚ ਸੰਭਾਵਿਤ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਖੁਫੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਚੰਡੀਗੜ੍ਹ ਅਤੇ ਮੋਹਾਲੀ ‘ਚ ਅੱਤਵਾਦੀ ਹਮਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਲਰਟ ਮੁਤਾਬਕ ਚੰਡੀਗੜ੍ਹ ਅਤੇ ਮੋਹਾਲੀ ਬੱਸ ਸਟੈਂਡ ‘ਤੇ ਅੱਤਵਾਦੀ ਹਮਲਾ ਹੋ ਸਕਦਾ ਹੈ।

ਇਸ ਤੋਂ ਬਾਅਦ ਚੌਕਸੀ ਵਧਾ ਦਿੱਤੀ ਗਈ ਹੈ। ਜਨਤਕ ਥਾਵਾਂ ’ਤੇ ਵੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ‘ਚ ਵੀ ਐਤਵਾਰ ਨੂੰ ਸੈਕਟਰ 43 ਅਤੇ ਸੈਕਟਰ 17 ਸਥਿਤ ਅੰਤਰਰਾਜੀ ਬੱਸ ਟਰਮੀਨਲ ‘ਤੇ ਪੁਲਿਸ ਨੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ​​ਕਰਦੇ ਹੋਏ ਜਨਤਕ ਟਰਾਂਸਪੋਰਟ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ।

LEAVE A REPLY

Please enter your comment!
Please enter your name here