ਨੇਤਨਯਾਹੂ ਨੂੰ ਗ੍ਰਿਫਤਾਰੀ ਵਾਰੰਟ ਤੋਂ ਬਾਅਦ ਮਿਲਿਆ ਇੱਕ ਹੋਰ ਝਟਕਾ, ਹਮਾਸ ਨੇ ਗਾਜ਼ਾ ‘ਚ 15 ਇਜ਼ਰਾਇਲੀ ਫੌਜੀਆਂ ਨੂੰ ਮਾਰਿਆ
ਹਮਾਸ ਨੇ ਵੱਡਾ ਦਾਅਵਾ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਇਸ ਦੀ ਫੌਜੀ ਬ੍ਰਿਗੇਡ ਅਲ-ਕਾਸਮ ਦੇ ਲੜਾਕਿਆਂ ਨੇ ਉੱਤਰੀ ਗਾਜ਼ਾ ਦੇ ਬੀਤ ਲਹੀਆ ਵਿਚ ਲਗਭਗ 15 ਇਜ਼ਰਾਈਲੀ ਸੈਨਿਕਾਂ ਨੂੰ ਮਾਰ ਦਿੱਤਾ ਸੀ। ਇੱਕ ਪ੍ਰੈਸ ਬਿਆਨ ਵਿੱਚ, ਅਲ-ਕਾਸਮ ਬ੍ਰਿਗੇਡਜ਼ ਨੇ ਕਿਹਾ ਕਿ ਉਸਦੇ ਲੜਾਕਿਆਂ ਨੇ ਇੱਕ ਇਜ਼ਰਾਈਲੀ ਪੈਦਲ ਯੂਨਿਟ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਇਲਾਵਾ ਉੱਤਰੀ ਗਾਜ਼ਾ ‘ਚ ਜਬਾਲੀਆ ਕੈਂਪ ਦੇ ਪੱਛਮ ‘ਚ ਸਫਤਾਵੀ ਇਲਾਕੇ ਦੇ ਨੇੜੇ ਇਕ ਇਜ਼ਰਾਇਲੀ ਮਰਕਾਵਾ ਟੈਂਕ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਸਿਨਹੂਆ ਨੇ ਦਿੱਤੀ ਹੈ।
ਦੂਜੇ ਪਾਸੇ ਇਸਲਾਮਿਕ ਜੇਹਾਦ ਮੂਵਮੈਂਟ ਦੇ ਹਥਿਆਰਬੰਦ ਵਿੰਗ ਅਲ-ਕੁਦਸ ਬ੍ਰਿਗੇਡ ਦਾ ਕਹਿਣਾ ਹੈ ਕਿ ਉਸ ਨੇ ਕੇਂਦਰੀ ਜਬਾਲੀਆ ਕੈਂਪ ਵਿਚ ਜਬਾਲੀਆ ਸਰਵਿਸਿਜ਼ ਕਲੱਬ ਨੇੜੇ ਇਜ਼ਰਾਈਲੀ ਸੈਨਿਕਾਂ ਅਤੇ ਵਾਹਨਾਂ ਦੇ ਇਕੱਠ ਨੂੰ 60 ਐਮਐਮ ਮੋਰਟਾਰ ਗੋਲਿਆਂ ਨਾਲ ਨਿਸ਼ਾਨਾ ਬਣਾਇਆ। ਹਾਲਾਂਕਿ ਇਜ਼ਰਾਇਲੀ ਫੌਜ ਨੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ, ਛੱਡੇ ਅੱਥਰੂ ਗੈਸ ਦੇ ਗੋਲੇ
ਹੁਣ ਤੱਕ 44,000 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ
ਧਿਆਨਯੋਗ ਹੈ ਕਿ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਤੋਂ ਬਾਅਦ ਦੋਵਾਂ ਵਿਚਾਲੇ ਭਿਆਨਕ ਜੰਗ ਚੱਲ ਰਹੀ ਹੈ। ਗਾਜ਼ਾ ਦੇ ਸਿਹਤ ਅਧਿਕਾਰੀਆਂ ਮੁਤਾਬਕ ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ ‘ਚ ਹੁਣ ਤੱਕ 44,000 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। 7 ਅਕਤੂਬਰ ਨੂੰ ਹਮਾਸ ਦੇ 2500 ਤੋਂ ਵੱਧ ਅੱਤਵਾਦੀਆਂ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਸੀ। ਇਸ ‘ਚ 1200 ਇਜ਼ਰਾਈਲੀ ਆਪਣੀ ਜਾਨ ਗੁਆ ਚੁੱਕੇ ਹਨ। 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ।